
ਦਿੱਲੀ (ਦ ਸਟੈਲਰ ਨਿਊਜ਼)। ਅਮਰੀਕੀ ਪੁਲਿਸ ਨੇ ਵਸ਼ਿੰਗਟਨ ਤੇ ਕੈਲੇਫੋਰਨੀਆ ਵਿੱਚ ਸਿੰਘ ਆਰਗੇਨਾਈਜੇਸ਼ਨ ਨਾਂ ਹੇਠ ਸੰਗਠਿਤ ਗੈਂਗ ਦੇ 12 ਮੈਂਬਰਾਂ ਨੂੰ ਕਰੋੜਾਂ ਡਾਲਰਾਂ ਦੀ ਟਰਾਂਸਪੋਰਟ ਠੱਗੀ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਸਾਂਝੀ ਜਾਂਚ ਟੀਮ ਵਲੋਂ ਦੱਸਿਆ ਗਿਆ ਕਿ 2021 ਤੋਂ ਢੋਆ ਢੁਆਈ ਦੇ ਨਾਂ ਹੇਠ ਕੀਮਤੀ ਸਮਾਨ ਗਾਇਬ ਹੋਣ ਦੀਆਂ ਸੈਂਕੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੈਲੇਫੋਰਨੀਆਂ ਤੇ ਵਸ਼ਿੰਗਟਨ ਦੀਆਂ ਕਾਉਂਟੀ ਪੁਲਿਸ ਵਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਸੀ।ਇਹ ਕਾਰਵਾਈ ਫੈਡਰਲ ਜਾਂਚ ਬਿਊਰੋ, ਰਿਵਰਸਾਈਡ ਆਈਲੈਂਡ ਟਾਸਕ ਫੋਰਸ, ਲਾਸ ਏਂਜਲ ਕੌਂਟੀ ਸ਼ੈਰਿਫ ਵਿਭਾਗ, ਫੋਨਟਾਨਾ ਪੁਲਿਸ ਤੇ ਕੈਲੇਫੋਰਨੀਆ ਹਾਈਵੇਅ ਪੈਟਰੋਲ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ।

ਇਨ੍ਹਾਂ ਟੀਮਾਂ ਨੇ ਲੰਮੀ ਜਾਂਚ ਤੋਂ ਬਾਅਦ ਪਤਾ ਲਾਇਆ ਕਿ ਕੁਝ ਪੰਜਾਬੀਆਂ ਵਿਅਕਤੀਆਂ ਨੇ ਸਿੰਘ ਆਰਗੇਨਾਈਜ਼ੇਸ਼ਨ ਨਾਂ ਹੇਠ ਗੈਂਗ ਬਣਾਇਆ ਹੋਇਆ ਸੀ। ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਲੋਕ ਚੋਰੀ ਕੀਤਾ ਕੀਮਤੀ ਸਮਾਨ ਆਪ ਵੇਚਦੇ ਸਨ ਜਾਂ ਕਿਸੇ ਵਿਕਰੇਤਾ ਨੂੰ ਸਸਤੇ ਰੇਟ ’ਤੇ ਵੇਚਦੇ ਸਨ।












