
ਹਰਿਦੁਆਰ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਉੱਤਰਾਖੰਡ ਦੇ ਹਰਿਦੁਆਰ ਪਹੁੰਚ ਰਹੀਆਂ ਸ਼ਰਧਾਲੂਆਂ ਦੀਆ ਬੱਸਾਂ ਵਿੱਚ ਕਈ ਗੰਭੀਰ ਖ਼ਾਮੀਆਂ ਪਾਈਆ ਗਈਆ ਹਨ, ਜਿਸ ਤੋਂ ਬਾਅਦ ਉੱਤਰਾਖੰਡ ਦੇ ਟਰਾਂਸਪੋਰਟ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਦੌਰਾਨ ਬੱਸਾਂ ਕੋਲ ਲੋੜੀਂਦੇ ਪਰਮਿਟ ਨਾ ਹੋਣ, ਟੈਕਸ ਜਮ੍ਹਾਂ ਨਾ ਕਰਵਾਉਣ ਅਤੇ ਯਾਤਰੀਆਂ ਦੀ ਸੁਰੱਖਿਆ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਕਾਰਵਾਈ ਦੌਰਾਨ 3 ਬੱਸਾਂ ਨੂੰ ਜ਼ਬਤ ਕਰ ਲਿਆ ਗਿਆ, ਜਦਕਿ 5 ਬੱਸਾਂ ਦੇ ਚਲਾਨ ਕੱਟੇ ਗਏ। ਬਾਅਦ ਵਿੱਚ ਜੁਰਮਾਨਾ ਅਤੇ ਸਕਿਓਰਿਟੀ ਜਮ੍ਹਾਂ ਕਰਵਾਉਣ ਮਗਰੋਂ ਜ਼ਬਤ ਕੀਤੀਆਂ ਬੱਸਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।

ਹਰਿਦੁਆਰ ਟਰਾਂਸਪੋਰਟ ਵਿਭਾਗ ਅਨੁਸਾਰ ਪੰਜਾਬ ਦੀ ਤੀਰਥ ਯਾਤਰਾ ਯੋਜਨਾ ਤਹਿਤ ਰੋਜ਼ਾਨਾ 10 ਬੱਸਾਂ ਹਰਿਦੁਆਰ ਆਉਂਦੀਆਂ ਹਨ। ਵਿਭਾਗ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਕੇ ਬੱਸ ਆਪਰੇਟਰ ਨਾ ਸਿਰਫ਼ ਸਰਕਾਰ ਦੇ ਮਾਲੀਏ ਨੂੰ ਨੁਕਸਾਨ ਪਹੁੰਚਾ ਰਹੇ ਹਨ, ਸਗੋਂ ਯਾਤਰੀਆਂ ਦੀ ਸੁਰੱਖਿਆ ਨੂੰ ਵੀ ਖਤਰੇ ਵਿੱਚ ਪਾ ਰਹੇ ਹਨ।
ਹਰਿਦੁਆਰ ਦੀ ਸਹਾਇਕ ਖੇਤਰੀ ਟਰਾਂਸਪੋਰਟ ਅਧਿਕਾਰੀ (ਏਆਰਟੀਓ) ਵਰੁਣਾ ਸੈਣੀ ਨੇ ਦੱਸਿਆ ਕਿ ਤੀਰਥ ਯਾਤਰਾ ਯੋਜਨਾ ਤਹਿਤ ਆਉਣ ਵਾਲੀਆਂ ਜ਼ਿਆਦਾਤਰ ਬੱਸਾਂ ਪੰਜਾਬ ਵਿੱਚ ਰਜਿਸਟਰਡ ਨਹੀਂ ਹਨ। ਇਨ੍ਹਾਂ ਵਿੱਚੋਂ ਕਈ ਬੱਸਾਂ ਮੱਧ ਪ੍ਰਦੇਸ਼, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਰਜਿਸਟਰਡ ਹਨ। ਉਨ੍ਹਾਂ ਅਨੁਸਾਰ ਉੱਤਰਾਖੰਡ ਸਰਕਾਰ ਵੱਲੋਂ ਸੈਲਾਨੀ ਬੱਸਾਂ ਦੀ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਕਈ ਬੱਸਾਂ ਕੋਲ ਲੋੜੀਂਦੇ ਪਰਮਿਟ ਨਹੀਂ ਮਿਲੇ ਅਤੇ ਨਾ ਹੀ ਉਨ੍ਹਾਂ ਵੱਲੋਂ ਨਿਯਮਾਂ ਅਨੁਸਾਰ ਟੈਕਸ ਜਮ੍ਹਾਂ ਕਰਵਾਇਆ ਗਿਆ ਸੀ।
ਹਰਿਦੁਆਰ ਵਿੱਚ ਸੈਲਾਨੀਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲਾ ਇੱਕ ਵੱਡਾ ਖੁਲਾਸਾ ਹੋਇਆ ਹੈ! ਮੋਟਰ ਵਹੀਕਲ ਇੰਸਪੈਕਟਰ ਯਾਨੀ ਐੱਮ.ਵੀ.ਆਈ. ਆਨੰਦ ਵਰਧਨ ਦੀ ਅਗਵਾਈ ਵਿੱਚ ਹੋਈ ਜਾਂਚ ਦੌਰਾਨ ਬੱਸਾਂ ਦੀ ਬਾਡੀ ਨਾਲ ਖਤਰਨਾਕ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁਝ ਵਾਧੂ ਪੈਸਿਆਂ ਦੇ ਲਾਲਚ ਵਿੱਚ, ਕਈ ਬੱਸਾਂ ਦੀ ਲੰਬਾਈ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਧਾ ਦਿੱਤਾ ਗਿਆ, ਤਾਂ ਜੋ ਅੰਦਰ ਵਾਧੂ ਸੀਟਾਂ ਲਗਾਈਆਂ ਜਾ ਸਕਣ।
ਇਸ ਤੋਂ ਵੀ ਵੱਡੀ ਅਤੇ ਚਿੰਤਾਜਨਕ ਗੱਲ ਇਹ ਹੈ ਕਿ ਇਨ੍ਹਾਂ ਬੱਸਾਂ ਵਿੱਚ ਐਮਰਜੈਂਸੀ ਦਰਵਾਜ਼ੇ ਅਤੇ ਖਿੜਕੀਆਂ ਹੀ ਗਾਇਬ ਸਨ! ਨਿਯਮਾਂ ਅਨੁਸਾਰ ਸੈਲਾਨੀ ਬੱਸ ਦੇ ਪਿਛਲੇ ਹਿੱਸੇ ਵਿੱਚ ਇੱਕ ਐਮਰਜੈਂਸੀ ਐਗਜ਼ਿਟ ਦਰਵਾਜ਼ਾ ਅਤੇ ਵਿਚਕਾਰ ਇੱਕ ਖਿੜਕੀ ਹੋਣੀ ਲਾਜ਼ਮੀ ਹੈ, ਪਰ ਮੁਨਾਫ਼ਾਖੋਰਾਂ ਨੇ ਸਵਾਰੀਆਂ ਦੀ ਜਾਨ ਨੂੰ ਜ਼ੋਖਮ ਵਿੱਚ ਪਾਉਂਦੇ ਹੋਏ ਇਹ ਪ੍ਰਬੰਧ ਹੀ ਖ਼ਤਮ ਕਰ ਦਿੱਤੇ। ਪ੍ਰਸ਼ਾਸਨ ਹੁਣ ਅਜਿਹੀਆਂ ਬੱਸਾਂ ਖਿਲਾਫ ਸਖਤ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ।
ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਕਿਸੇ ਵੀ ਬੱਸ ਵਿੱਚ ਅੱਗ ਤੋਂ ਬਚਾਅ ਲਈ ਲੋੜੀਂਦਾ ਐਂਟੀ-ਫਾਇਰ ਸਿਸਟਮ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਏਸੀ ਸੈਲਾਨੀ ਬੱਸਾਂ ਵਿੱਚ ਅੱਗ ਤੋਂ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਹੋਣੇ ਜ਼ਰੂਰੀ ਹਨ।
ਅਧਿਕਾਰੀਆਂ ਅਨੁਸਾਰ ਬੱਸਾਂ ਦੀ ਲੰਬਾਈ ਵਧਾ ਕੇ ਵਾਧੂ ਸੀਟਾਂ ਲਗਾਉਣਾ, ਐਮਰਜੈਂਸੀ ਨਿਕਾਸ ਦੀ ਘਾਟ ਅਤੇ ਅੱਗ ਤੋਂ ਬਚਾਅ ਦੇ ਪ੍ਰਬੰਧ ਨਾ ਹੋਣਾ ਯਾਤਰੀਆਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਪੈਦਾ ਕਰ ਸਕਦਾ ਹੈ।












