
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਪੀਆਰਟੀਸੀ/ਪਨਬਸ ਠੇਕਾ ਕਾਮਿਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਖਿਲਾਫ਼ ਕੀਤੇ ਲਾਠੀਚਾਰਜ ਅਤੇ ਹਿਰਾਸਤ ਵਿੱਚ ਲਏ ਜਾਣ ਦੀ ਸਖਤ ਨਿਖੇਧੀ ਕਰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ।

ਰੇਸ਼ਮ ਸਿੰਘ ਗਿੱਲ, ਪੰਜਾਬ ਪ੍ਰਧਾਨ ਟਰਾਂਸਪੋਰਟ ਯੂਨੀਅਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਵੱਲੋਂ ਨਵੀਂ ਟੈਂਡਰ ਨੀਤੀ ਖਿਲਾਫ਼ ਅੱਜ ਪੰਜਾਬ ਭਰ ਵਿੱਚ ਸ਼ਾਂਤਮਈ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਪਰੰਤੂ ਪੰਜਾਬ ਸਰਕਾਰ ਨੇ ਸਵੇਰ ਤੋਂ ਹੀ ਪੁਲਿਸ ਕਾਰਵਾਈ ਕਰਦੇ ਹੋਏ ਮੁਲਾਜ਼ਮਾਂ ਨੂੰ ਜਾਂ ਤਾਂ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਜਾਂ ਫਿਰ ਹਿਰਾਸਤ ‘ਚ ਲੈ ਲਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ 250-300 ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਲਾਠੀਚਾਰਜ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਾਡੇ ਠੇਕਾ ਮੁਲਾਜ਼ਮਾਂ ਨੂੰ 8 ਸਾਲ ਹੋ ਗਏ ਹਨ ਡਾਂਗਾਂ-ਸੋਟੇ ਖਾਂਦਿਆਂ ਨੂੰ, ਪਹਿਲਾਂ ਕਾਂਗਰਸ ਨੇ 5 ਸਾਲ ਮੁਲਾਜ਼ਮਾਂ ‘ਤੇ ਤਸ਼ੱਦਦ ਕੀਤੀ ਅਤੇ ਹੁਣ ਬਦਲਾਅ ਵਾਲੀ ਸਰਕਾਰ ਨੇ 4 ਸਾਲਾ ਤੋਂ ਮੁਲਾਜ਼ਮਾਂ ਨੂੰ ਕੁੱਟਮਾਰ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡੀ, ਜਿਸ ਦੇ ਵਿਰੋਧ ਵਿੱਚ ਉਨ੍ਹਾਂ ਵੱਲੋਂ ਪੰਜਾਬ ਭਰ ਵਿੱਚ ਪੀਆਰਟੀਸੀ ਅਤੇ ਪਨਬਸ ਬੱਸਾਂ ਦਾ ਅਣਮਿੱਥੇ ਸਮੇਂ ਲਈ ਚੱਕਾ ਜਾਮ ਦਾ ਫੈਸਲਾ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਸਰਕਾਰ ਨਵੀਂ ਸਕੀਮ ਟੈਂਡਰ ਰੱਦ ਨਹੀਂ ਕਰਦੀ ਅਤੇ ਹਿਰਾਸਤ ਵਿੱਚ ਲਏ ਗਏ ਮੁਲਾਜ਼ਮਾਂ ਨੂੰ ਰਿਹਾਅ ਨਹੀਂ ਕਰਦੀ, ਓਨਾ ਸਮਾਂ ਤੱਕ ਪੰਜਾਬ ਭਰ ਵਿੱਚ ਬੱਸਾਂ ਬੰਦ ਰੱਖੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਿੰਨੇ ਵੀ ਮੁਲਾਜ਼ਮਾਂ ਫੜੇ ਗਏ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।












