
ਜੈਪੁਰ (ਦ ਸਟੈਲਰ ਨਿਊਜ਼)। ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਵਿੱਚ ਨਿਯਮਤ ਫੌਜੀ ਅਭਿਆਸ ਦੌਰਾਨ ਇੰਦਰਾ ਗਾਂਧੀ ਨਹਿਰ ਵਿੱਚ ਟੈਂਕ ਡੁੱਬਣ ਕਾਰਨ ਜਵਾਨ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ ਅਤੇ ਕਈ ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਸ਼ਾਮ ਤਕ ਲਾਸ਼ ਨੂੰ ਬਾਹਰ ਕਢਿਆ ਜਾ ਸਕਿਆ।

ਪੁਲਿਸ ਨੇ ਦਸਿਆ ਕਿ ਇਕ ਨਿਯਮਿਤ ਸਿਖਲਾਈ ਅਭਿਆਸ ਚੱਲ ਰਿਹਾ ਸੀ, ਜਿਸ ਵਿੱਚ ਬਖਤਰਬੰਦ ਵਾਹਨ ਨਹਿਰ ਪਾਰ ਕਰਨ ਦਾ ਅਭਿਆਸ ਕਰ ਰਹੇ ਸਨ। ਇਸ ਦੌਰਾਨ ਇਕ ਟੈਂਕ ਨਹਿਰ ਦੇ ਵਿਚਕਾਰ ਫਸ ਗਿਆ ਅਤੇ ਡੁੱਬਣ ਲੱਗਾ।
ਟੈਂਕ ਵਿਚ ਦੋ ਸਿਪਾਹੀ ਮੌਜੂਦ ਸਨ, ਇਕ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਿਆ ਜਦਕਿ ਦੂਜਾ ਫਸ ਗਿਆ। ਸੂਚਨਾ ਮਿਲਣ ਉਤੇ ਪੁਲਿਸ, ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਮੌਕੇ ਉਤੇ ਪਹੁੰਚੀਆਂ ਪਰ ਟੈਂਕ ਕਰੀਬ 25 ਫੁੱਟ ਡੂੰਘੀ ਨਹਿਰ ਵਿੱਚ ਡੁੱਬ ਗਿਆ। ਉਨ੍ਹਾਂ ਦਸਿਆ ਕਿ ਗੋਤਾਖੋਰਾਂ ਅਤੇ ਬਚਾਅ ਕਰਮਚਾਰੀਆਂ ਨੇ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਅੱਜ ਪੋਸਟਮਾਰਟਮ ਕੀਤਾ ਜਾਵੇਗਾ।











