
ਆਂਧਰਾ ਪ੍ਰਦੇਸ਼ (ਦ ਸਟੈਲਰ ਨਿਊਜ਼)। ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿੱਚ ਬੱਸ ਸੜਕ ਕੰਢੇ ਪਲਟਣ ਕਰਕੇ ਘੱਟੋ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ, 23 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਹੈ। ਪੁਲੀਸ ਮੁਤਾਬਕ ਬੱਸ ਚਿੱਤੂਰ ਤੋਂ ਗੁਆਂਢੀ ਸੂਬੇ ਤਿਲੰਗਾਨਾ ਜਾ ਰਹੀ ਸੀ। ਇਸ ਵਿਚ ਡਰਾਈਵਰ ਤੇ ਕਲੀਨਰ ਸਣੇ 37 ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਛੇ ਜਣੇ ਸੁਰੱਖਿਅਤ ਹਨ।

ਐੱਸਪੀ ਅਮਿਤ ਬਰਦਾਰ ਨੇ ਕਿਹਾ ਕਿ ਹਾਦਸਾ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਚਿੰਤੂਰ-ਮਾਰੇਡੁਮਿਲੀ ਘਾਟ ਰੋਡ ’ਤੇ ਦੁਰਗਾ ਮੰਦਰ ਨੇੜੇ ਹੋਇਆ। ਪੁਲੀਸ ਅਧਿਕਾਰੀ ਨੇ ਕਿਹਾ, ‘‘ਹਾਦਸੇ ਵਿੱਚ ਘੱਟੋ ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ ਤੇ 23 ਹੋਰ ਜ਼ਖਮੀ ਹਨ। ਬੱਸ ਸੜਕ ਕੰਢੇ ਉਤਰਨ ਮਗਰੋਂ ਪਲਟ ਗਈ, ਪਰ ਹੇਠਾਂ ਖੱਡ ਵਿੱਚ ਨਹੀਂ ਡਿੱਗੀ। ਜ਼ਖ਼ਮੀਆਂ ਵਿੱਚੋਂ ਚਾਰ ਦੀ ਹਾਲਤ ਨਾਜ਼ੁਕ ਹੈ।’’
ਅਧਿਕਾਰੀ ਮੁਤਾਬਕ ਬੱਸ ਡਰਾਈਵਰ ਨੂੰ ਸ਼ਾਇਦ ਸੰਘਣੀ ਧੁੰਦ ਕਰਕੇ ਤਿੱਖਾ ਮੋੜ ਨਜ਼ਰ ਨਹੀਂ ਆਇਆ ਤੇ ਹਾਦਸਾ ਵਾਪਰ ਗਿਆ। ਬੱਸ ਵਿੱਚ ਸਵਾਰ ਮੁਸਾਫ਼ਰ ਚਿਤੂਰ ਤੋਂ ਤਿਲੰਗਾਨਾ ਦੇ ਭੱਦਰਾਚਾਲਮ ਵਿਚਲੇ ਸ੍ਰੀ ਰਾਮ ਮੰਦਰ ਜਾ ਰਹੇ ਸਨ।












