
ਬਠਿੰਡਾ (ਦ ਸਟੈਲਰ ਨਿਊਜ਼)। ਕਾਂਗਰਸ ਆਗੂ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਇੰਚਾਰਜ ਖੁਸ਼ਬਾਜ ਸਿੰਘ ਜਟਾਣਾ ਦਾ ਬਠਿੰਡਾ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਹ ਪਾਣੀਪਤ ਨੇੜੇ ਬੀਤੇ ਦਿਨੀਂ ਹੋਏ ਸੜਕ ਹਾਦਸੇ ਵਿੱਚ ਹਲਾਕ ਹੋ ਗਏ ਸਨ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਪਰਗਟ ਸਿੰਘ, ਕੁਸ਼ਲਦੀਪ ਸਿੰਘ ਢਿੱਲੋਂ, ਵਿਜੈਇੰਦਰ ਸਿੰਗਲਾ ਸਮੇਤ ਵੱਖ-ਵੱਖ ਸਿਆਸੀ ਆਗੂਆਂ ਨੇ ਜਟਾਣਾ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੇ ਸਸਕਾਰ ਸਮੇਂ ਪੰਜਾਬ ਦੇ ਵੱਖ-ਵੱਖ ਹਲਕਿਆਂ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਪੁੱਜੇ।

ਇਸ ਮੌਕੇ ਰਾਜਾ ਵੜਿੰਗ ਨੇ ਮੰਗ ਕੀਤੀ ਕਿ ਇਸ ਹਾਦਸੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਇਹ ਹਾਦਸਾ ਇਕ ਸੜਕ ਕਿਨਾਰੇ ਵਾਪਰਿਆ ਹੈ। ਉਨ੍ਹਾਂ ਕਿਹਾ, ‘ਜਟਾਣਾ ਦੀ ਖੜ੍ਹੀ ਗੱਡੀ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਦਿਨ ਦਿਹਾੜੇ ਕੋਈ ਵਾਹਨ ਖੜ੍ਹੀ ਕਾਰ ਵਿੱਚ ਕਿਵੇਂ ਵੱਜ ਸਕਦਾ ਹੈ? ਸੱਚਾਈ ਉਦੋਂ ਸਾਹਮਣੇ ਆਵੇਗੀ ਜਦੋਂ ਟਰੱਕ ਡਰਾਈਵਰ ਗ੍ਰਿਫ਼ਤਾਰ ਹੋ ਜਾਵੇਗਾ।’












