
ਸੰਗਰੂਰ (ਦ ਸਟੈਲਰ ਨਿਊਜ਼)। ਭਵਾਨੀਗੜ੍ਹ ਦੇ ਪਟਿਆਲਾ ਰੋਡ ‘ਤੇ ਸਥਿਤ ਵੇਅਰ ਹਾਊਸ ਦੇ ਗੁਦਾਮਾਂ ਨਾਲ ਲੱਗਦੇ ਮੋਹਨ ਨਗਰ ਇਲਾਕੇ ਤੋ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇੱਕ ਬਜ਼ੁਰਗ ਚੌਕੀਦਾਰ ਦਾ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਬਜ਼ੁਰਗ ਚੌਕੀਦਾਰ ਦੀ ਪਛਾਣ ਰਾਮਜੀ, ਉਮਰ 75 ਸਾਲ, ਪੁੱਤਰ ਮੇਹਰ ਸਿੰਘ ਵਾਸੀ ਪਿੰਡ ਬਾਲਦ ਕਲਾਂ ਉਕਤ ਮੁਹੱਲੇ ਅੰਦਰ ਕੁਲਵਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਮੌੜਾ (ਦਿੜ੍ਹਬਾ) ਜੋ ਇੱਥੇ ਪਟਿਆਲਾ ਰੋਡ ‘ਤੇ ਪੈਸਟੀਸਾਈਡਜ ਦੀ ਦੁਕਾਨ ਕਰਦੇ ਹਨ, ਦੇ ਇੱਕ ਖਾਲੀ ਪਲਾਟ ਵਿਚ ਕੀਤੇ ਜਾ ਰਹੇ ਬੋਰਿੰਗ ਦੇ ਸਮਾਨ ਦੀ ਰਾਤ ਦੇ ਸਮੇਂ ਰਾਖੀ ਕਰਦਾ ਸੀ।
ਜਾਣਕਾਰੀ ਅਨੁਸਾਰਸ ਸਵੇਰੇ ਬੋਰਿੰਗ ਦਾ ਕੰਮ ਕਰਨ ਵਾਲਾ ਲਖਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਰਾਏ ਸਿੰਘ ਵਾਲਾ ਮੌਕੇ ‘ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਪਲਾਟ ਅੰਦਰ ਬੋਰਿੰਗ ਮਸ਼ੀਨ ਕੋਲ ਚੌਕੀਦਾਰ ਰਾਮਜੀ ਮੰਜੇ ‘ਤੇ ਹੱਥ-ਪੈਰ ਮੂੜਿਆ ਮ੍ਰਿਤਕ ਹਾਲਤ ਵਿਚ ਪਿਆ ਸੀ, ਜਿਸ ਦੇ ਸਿਰ ਵਿਚ ਸੱਟ ਮਾਰੀ ਗਈ ਸੀ। ਘਟਨਾ ਸਬੰਧੀ ਉਸਨੇ ਪਲਾਟ ਦੇ ਮਾਲਕਾਂ ਨੂੰ ਜਾਣਕਾਰੀ ਦਿੱਤੀ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮੌਕੇ ‘ਤੇ ਪਲਾਟ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੱਲ ਹੀ ਬੋਰਿੰਗ ਦਾ ਕੰਮ ਸ਼ੁਰੂ ਹੋਇਆ ਸੀ ਤੇ ਸਮਾਨ ਦੀ ਰਾਖੀ ਲਈ ਰਾਮਜੀ ਨੂੰ ਚੌਂਕੀਦਾਰ ਵਜੋਂ ਰੱਖਿਆ ਸੀ ਤੇ ਰਾਤ ਪਹਿਲੇ ਹੀ ਦਿਨ ਉਹ ਡਿਊਟੀ ‘ਤੇ ਆਇਆ ਸੀ। ਘਟਨਾ ਸਥਾਨ ‘ਤੇ ਪੁਲਿਸ ਟੀਮ ਨਾਲ ਮੌਜੂਦ ਥਾਣਾ ਭਵਾਨੀਗੜ੍ਹ ਦੇ ਐਸ.ਐਚ.ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਆਖਿਆ ਕਿ ਫਿਲਹਾਲ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।












