Saturday, October 31, 2026
Home Crime ਹੁਸ਼ਿਆਰਪੁਰ ਦੇ ਪਿੰਡ ਸਤੌਰ ‘ਚ ਚੱਲੀਆਂ ਗੋਲੀਆਂ, ਸਰਪੰਚ ਦਾ ਪੁੱਤਰ ਗ੍ਰਿਫ਼ਤਾਰ, ਪਤੀ...

ਹੁਸ਼ਿਆਰਪੁਰ ਦੇ ਪਿੰਡ ਸਤੌਰ ‘ਚ ਚੱਲੀਆਂ ਗੋਲੀਆਂ, ਸਰਪੰਚ ਦਾ ਪੁੱਤਰ ਗ੍ਰਿਫ਼ਤਾਰ, ਪਤੀ ਫਰਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਦੇ ਪਿੰਡ ਸਤੌਰ ਦੇ ਮੌਜੂਦਾ ਸਰਪੰਚ ਦੇ ਘਰ ਦੇ ਗੇਟ ਨਾਲ ਪੁਲਿਸ ਮੁਲਾਜ਼ਮ ਦੀ ਗੱਡੀ ਟਕਰਾਉਣ ਤੋਂ ਬਾਅਦ ਮਾਮਲਾ ਕਾਫ਼ੀ ਗੰਭੀਰ ਰੂਪ ਧਾਰਨ ਕਰ ਗਿਆ। ਘਟਨਾ ਦੌਰਾਨ ਗੋਲੀਆਂ ਚੱਲਣ ਦੀ ਵੀ ਜਾਣਕਾਰੀ ਮਿਲੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸਰਪੰਚ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਸਰਪੰਚ ਦਾ ਪਤੀ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ​​ਪ੍ਰਾਪਤ ਜਾਣਕਾਰੀ ਅਨੁਸਾਰ, ਪਿੰਡ ਦੀ ਮੌਜੂਦਾ ਸਰਪੰਚ ਕੁਲਦੀਪ ਕੌਰ ਦੇ ਘਰ ਦੇ ਮੁੱਖ ਗੇਟ ਵਿੱਚ ਇੱਕ ਪੁਲਿਸ ਮੁਲਾਜ਼ਮ ਵੱਲੋਂ ਗੱਡੀ ਲਿਆ ਕੇ ਮਾਰੀ ਗਈ। ਇਸ ਤੋਂ ਬਾਅਦ ਸਰਪੰਚ ਦਾ ਪਤੀ ਅਤੇ ਉਸ ਦਾ ਪੁੱਤਰ ਘਟਨਾ ਬਾਰੇ ਪੁੱਛਗਿੱਛ ਕਰਨ ਲਈ ਉਕਤ ਪੁਲਿਸ ਮੁਲਾਜ਼ਮ ਦੇ ਘਰ ਪਹੁੰਚੇ। ਸਰਪੰਚ ਪਰਿਵਾਰ ਦਾ ਆਰੋਪ ਹੈ ਕਿ ਜਦੋਂ ਉਹ ਵਜ੍ਹਾ ਪੁੱਛਣ ਗਏ ਤਾਂ ਪੁਲਿਸ ਮੁਲਾਜ਼ਮ ਨੇ ਆਪਣੀ ਸਰਕਾਰੀ ਰਿਵਾਲਵਰ ਉਨ੍ਹਾਂ ‘ਤੇ ਤਾਣ ਦਿੱਤੀ।

Advertisements

ਸਰਪੰਚ ਪਰਿਵਾਰ ਮੁਤਾਬਕ, ਜਦੋਂ ਉਨ੍ਹਾਂ ਦੇ ਪੁੱਤਰ ਨੇ ਬਚਾਅ ਲਈ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ, ਤਾਂ ਇਸ ਦੌਰਾਨ ਇੱਕ ਗੋਲੀ ਚੱਲ ਗਈ, ਜੋ ਨਾਲ ਦੇ ਗੁਆਂਢੀਆਂ ਦੇ ਘਰ ਦੀ ਪਾਣੀ ਵਾਲੀ ਟੈਂਕੀ ਵਿੱਚ ਜਾ ਲੱਗੀ। ਇਸ ਤੋਂ ਬਾਅਦ ਜਦੋਂ ਮੁੜ ਰਿਵਾਲਵਰ ਤਾਣੀ ਗਈ ਤਾਂ ਇੱਕ ਹਵਾਈ ਫ਼ਾਇਰ ਹੋਇਆ। ਆਖ਼ਰਕਾਰ, ਸਰਪੰਚ ਦੇ ਪੁੱਤਰ ਨੇ ਪੁਲਿਸ ਮੁਲਾਜ਼ਮ ਤੋਂ ਸਰਕਾਰੀ ਰਿਵਾਲਵਰ ਖੋਹ ਲਈ ਅਤੇ ਉਹ ਘਰ ਵਾਪਸ ਆ ਗਏ। ​ਘਟਨਾ ਤੋਂ ਤੁਰੰਤ ਬਾਅਦ ਪੁਲਿਸ ਮੁਲਾਜ਼ਮ ਨੇ ਆਪਣੇ ਮਹਿਕਮੇ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ। ਮੌਕੇ ‘ਤੇ ਪਹੁੰਚੀ ਪੁਲਿਸ ਅਤੇ ਸਰਪੰਚ ਪਰਿਵਾਰ ਵਿਚਾਲੇ ਕਾਫ਼ੀ ਤਿੱਖੀ ਬਹਿਸ ਹੋਈ। ਸਰਪੰਚ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਵੱਲੋਂ ਉਨ੍ਹਾਂ ਦੇ ਘਰ ‘ਤੇ ਹਮਲਾ ਕੀਤਾ ਗਿਆ ਸੀ, ਪਰ ਪੁਲਿਸ ਉਨ੍ਹਾਂ ‘ਤੇ ਹੀ ਰਿਵਾਲਵਰ ਖੋਹਣ ਦੇ ਆਰੋਪ ਲਗਾ ਰਹੀ ਹੈ। ​

ਮੌਕੇ ‘ਤੇ ਪਹੁੰਚੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਸਰਪੰਚ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਸਰਪੰਚ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ। ​ਦੂਜੇ ਪਾਸੇ, ਪੁਲਿਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਸ ਦੀ ਸਰਕਾਰੀ ਰਿਵਾਲਵਰ ਜ਼ਬਰਦਸਤੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਹਥਿਆਰ ਖੋਹ ਲਿਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਜਾਰੀ ਹੈ।

LEAVE A REPLY

Please enter your comment!
Please enter your name here