
ਲੁਧਿਆਣਾ (ਦ ਸਟੈਲਰ ਨਿਊਜ਼)। ਮਾਡਲ ਟਾਊਨ ਸਥਿਤ ਗੁਰੂ ਨਾਨਕ ਐਜੂਕੇਸ਼ਨ ਟਰੱਸਟ ਗੁੱਜਰਖਾਨ ਕੈਂਪਸ ਵਿੱਚ ਇਕ ਹਿੰਸਕ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਮਾਡਲ ਟਾਊਨ ਸਥਿਤ ਗੁਰੂ ਨਾਨਕ ਐਜੂਕੇਸ਼ਨ ਟਰੱਸਟ ਗੁੱਜਰਖਾਨ ਕੈਂਪਸ ਵਿੱਚ ਅਸਲੇ ਨਾਲ ਲੈਸ ਹੋ ਕੇ ਹੰਗਾਮਾ ਕਰਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਆਰੋਪ ਵਿੱਚ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਟਰੱਸਟ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਰਨਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 6 ਅਪਰੈਲ ਨੂੰ ਸਕੂਲ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਨਵਾਂ ਗਾਰਡ ਤਾਇਨਾਤ ਕਰਕੇ ਇੱਕ ਨੋਟਿਸ ਲਾਇਆ ਗਿਆ ਸੀ।

ਉਸੇ ਦਿਨ ਸਵੇਰੇ ਇੱਕ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਆਏ ਕੁੱਝ ਵਿਅਕਤੀ ਪਿਸਤੌਲਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਜ਼ਬਰਦਸਤੀ ਸਕੂਲ ਅੰਦਰ ਦਾਖ਼ਲ ਹੋ ਗਏ। ਹਮਲਾਵਰਾਂ ਨੇ ਡਾਇਰੈਕਟਰ ਦੇ ਕਮਰੇ ਦਾ ਤਾਲਾ ਤੋੜ ਦਿੱਤਾ ਅਤੇ ਬਾਹਰ ਲੱਗਾ ਨੋਟਿਸ ਪਾੜ ਦਿੱਤਾ। ਰੋਕਣ ਦੀ ਕੋਸ਼ਿਸ਼ ਕਰਨ ’ਤੇ ਇਨ੍ਹਾਂ ਵਿਅਕਤੀਆਂ ਨੇ ਸੁਰੱਖਿਆ ਕਰਮੀਆਂ ਅਤੇ ਹੋਰਨਾਂ ਸਟਾਫ਼ ਮੈਂਬਰਾਂ ਨਾਲ ਗਾਲੀ-ਗਲੋਚ ਕਰਦਿਆਂ ਹੱਥੋਪਾਈ ਕੀਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।











