
ਸੰਗਰੂਰ (ਦ ਸਟੈਲਰ ਨਿਊਜ਼)। ਧਨੌਲਾ ਦੇ ਨੇੜੇ ਬਡਬਰ ਪਿੰਡ ਤੋ ਸਵੇਰੇ ਇੱਕ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਜਿਥੇ ਛੋਟੇ ਭਰਾ ਨੇ ਵੱਡੇ ਭਰਾ ਨੂੰ ਟਰੈਕਟਰ ਨਾਲ ਕੁਚਲ ਦਿੱਤਾ। ਇਹ ਘਟਨਾ ਕਥਿਤ ਤੌਰ ‘ਤੇ ਪੈਸਿਆਂ ਅਤੇ ਖੇਤ ਵਿੱਚ ਇੱਕ ਟਾਹਲੀ ਨੂੰ ਲੈ ਕੇ ਚੱਲ ਰਹੇ ਝਗੜੇ ਕਾਰਨ ਵਾਪਰੀ।

ਮ੍ਰਿਤਕ ਦੀ ਪਹਿਚਾਣ 50 ਸਾਲਾ ਮਨਜਿੰਦਰ ਸਿੰਘ ਪੁੱਤਰ ਜੀਤ ਸਿੰਘ ਵਜੋਂ ਹੋਈ ਹੈ, ਜਦੋਂ ਕਿ ਆਰੋਪੀ ਉਸਦਾ ਛੋਟਾ ਭਰਾ, ਸੁਖਵਿੰਦਰ ਸਿੰਘ (45), ਪੁੱਤਰ ਜੀਤ ਸਿੰਘ ਹੈ। ਜਾਣਕਾਰੀ ਅਨੁਸਾਰ ਦੋਵੇਂ ਭਰਾ ਪਿਛਲੇ ਚਾਰ ਦਿਨਾਂ ਤੋਂ ਲਗਭਗ ਇੱਕ ਲੱਖ ਰੁਪਏ ਅਤੇ ਖੇਤ ਵਿੱਚ ਲੱਗੀ ਟਾਹਲੀ ਨੂੰ ਲੈ ਕੇ ਬਹਿਸ ਕਰ ਰਹੇ ਸਨ।
ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ ਸਵੇਰੇ ਕਣਕ ਦੀ ਵਾਢੀ ਲਈ ਕੰਬਾਈਨ ਹਾਰਵੈਸਟਰ ਦਾ ਪ੍ਰਬੰਧ ਕਰਨ ਜਾ ਰਿਹਾ ਸੀ। ਉਹ ਘਰ ਤੋਂ ਥੋੜ੍ਹੀ ਦੂਰੀ ‘ਤੇ ਗਿਆ ਸੀ ਕਿ ਸੁਖਵਿੰਦਰ ਸਿੰਘ ਪਿੱਛੇ ਤੋਂ ਆਇਆ ਅਤੇ ਸਵਰਾਜ ਟਰੈਕਟਰ ਉਸ ‘ਤੇ ਚੜ੍ਹਾ ਦਿੱਤਾ। ਪਰਮਜੀਤ ਕੌਰ ਨੇ ਆਰੋਪ ਲਗਾਇਆ ਕਿ ਸੁਖਵਿੰਦਰ ਨੇ ਮਨਜਿੰਦਰ ਸਿੰਘ ‘ਤੇ ਚਾਰ-ਪੰਜ ਵਾਰ ਟਰੈਕਟਰ ਚੜ੍ਹਾਇਆ।
ਪਰਮਜੀਤ ਕੌਰ ਨੇ ਕਿਹਾ ਕਿ ਜਦੋਂ ਉਸਨੇ ਰੌਲਾ ਸੁਣਿਆ ਅਤੇ ਆਪਣੇ ਪਤੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲਈ ਘਰ ਤੋਂ ਬਾਹਰ ਆਈ ਤਾਂ ਅਰੋਪੀ ਨੇ ਟਰੈਕਟਰ ਉਸ ਉੱਤੇ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ। ਹਮਲੇ ਵਿੱਚ ਮਨਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਥਾਣਾ ਸਦਰ ਦੇ ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ। ਅਰੋਪੀ ਸੁਖਵਿੰਦਰ ਸਿੰਘ ਦੀ ਭਾਲ ਜਾਰੀ ਹੈ ਅਤੇ ਪੁਲਿਸ ਉਸਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦੀ ਹੈ।












