
ਸ੍ਰੀ ਮੁਕਤਸਰ ਸਾਹਿਬ (ਦ ਸਟੈਲਰ ਨਿਊਜ਼)। ਸ੍ਰੀ ਮੁਕਤਸਰ ਸਾਹਿਬ ਵਿੱਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਨੈਸ਼ਨਲ ਹਾਈਵੇ ਤੇ ਵਾਪਰਿਆ। ਨੌਜਵਾਨ ਅਪਣੀ ਨਾਨੀ ਨੂੰ ਆਪ੍ਰੇਸ਼ਨ ਕਰਵਾਉਣ ਲਈ ਮੋਟਰਸਾਇਕਲ ਤੇ ਲੈ ਕੇ ਜਾ ਰਿਹਾ ਸੀ ਕਿ ਅਚਾਨਕ ਹੀ ਕੈਂਟਰ ਨੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਅਤੇ ਨਾਨੀ ਵੀ ਗੰਭੀਰ ਜ਼ਖਮੀ ਹੋ ਗਈ। ਮ੍ਰਿਤਕ ਦੀ ਪਹਿਚਾਣ ਗੋਰੂ, ਉਮਰ 20 ਸਾਲ ਵੱਜੋਂ ਹੋਈ ਹੈ।

ਦਰਅਸਲ ਪਿੰਡ ਭੰਬਾ ਵੱਟੂ ਦਾ ਰਹਿਣ ਵਾਲਾ ਗੋਰੂ ਆਪਣੀ ਨਾਨੀ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਪੱਥਰੀ ਦਾ ਆਪਰੇਸ਼ਨ ਕਰਾਉਣ ਦੇ ਲਈ ਮੋਟਰਸਾਈਕਲ ‘ਤੇ ਬਿਠਾ ਕੇ ਲਿਜਾ ਰਿਹਾ ਸੀ, ਜਦੋਂ ਮੋਟਰਸਾਈਕਲ ਪਿੰਡ ਘਾਂਗਾ ਕਲਾਂ ਨਜ਼ਦੀਕ ਕਾਟਨ ਫੈਕਟਰੀ ਦੇ ਸਾਹਮਣੇ ਪਹੁੰਚਿਆ ਤਾਂ ਦੂਜੇ ਪਾਸਿਓਂ ਆ ਰਹੇ ਇੱਕ ਕੈਂਟਰ ਨੇ ਰੋਂਗ ਸਾਈਡ ‘ਤੇ ਆ ਕੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਇਹ ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਦੇ ਸਿਰ ਦੇ ਦੋ ਟੋਟੇ ਹੋ ਗਏ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠੀ ਉਸ ਦੀ ਨਾਨੀ ਕਈ ਫੁੱਟ ਦੂਰ ਖੇਤਾਂ ਵਿੱਚ ਜਾ ਡਿੱਗੀ, ਜਿਸ ਦੇ ਗੰਭੀਰ ਸੱਟਾਂ ਲੱਗੀਆਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੈਂਟਰ ਸੜਕ ‘ਤੇ ਕਾਫੀ ਤੇਜ਼ ਰਫਤਾਰ ਦੇ ਨਾਲ ਡੋਲੇ ਖਾਂਦਾ ਆ ਰਿਹਾ ਸੀ। ਹਾਦਸੇ ਤੋਂ ਬਾਅਦ ਕੈਂਟਰ ਚਾਲਕ ਦੇ ਵੱਲੋਂ ਕੈਂਟਰ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਲੋਕਾਂ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ।












