
ਤਰਨਤਾਰਨ (ਦ ਸਟੈਲਰ ਨਿਊਜ਼)। ਤਰਨਤਾਰਨ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿਥੇ ਭਿੱਖੀਵਿੰਡ ਦੇ ਪਿੰਡ ਸਾਂਡਪੁਰਾ ਵਿਖੇ ਇੱਕ ਨੌਜਵਾਨ ਦਾ ਥਾਰ ਸਵਾਰਾਂ ਨੇ ਘੇਰ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਪਿੱਛੇ ਮੁੱਢਲੇ ਤੌਰ ‘ਤੇ ਪੁਰਾਣੀ ਰੰਜਿਸ਼ ਨੂੰ ਕਾਰਨ ਮੰਨਿਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਥਾਰ ਗੱਡੀ ’ਤੇ ਸਵਾਰ ਸਨ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਸ਼ਪਾਲ ਸਿੰਘ ਸ਼ਾਲੀ ਵਾਸੀ ਚੇਲਾ ਕਲੌਨੀ ਭਿੱਖੀਵਿੰਡ ਵਜੋਂ ਹੋਈ ਹੈ, ਜੋ ਮੰਡੀਬੋਰਡ ਵਿਖੇ ਕੰਟਰੈਕਟ ’ਤੇ ਨੌਕਰੀ ਕਰਦਾ ਸੀ ਤੇ ਇਸ ਵੇਲੇ ਐੱਸਡੀਓ ਨਾਲ ਤਾਇਨਾਤ ਸੀ।
ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਭਿੱਖੀਵਿੰਡ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚ ਗਏ ਤੇ ਸੀਨੀਅਰ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ। ਇਹ ਘਟਨਾ ਸ਼ੁਕਰਵਾਰ ਕਰੀਬ ਸਾਢੇ 4 ਵਜੇ ਦੀ ਦੱਸੀ ਜਾ ਰਹੀ ਹੈ। ਦੋ ਗੋਲੀਆਂ ਲੱਗਣ ਤੋਂ ਬਾਅਦ ਨੌਜਵਾਨ ਕਾਰ ਵਿੱਚੋਂ ਬਾਹਰ ਨਿਕਲਿਆ ਤੇ ਫਿਰ ਉੱਥੇ ਹੀ ਦਮ ਤੋੜ ਦਿੱਤਾ।
ਥਾਣਾ ਮੁਖੀ ਨੇ ਦੱਸਿਆ ਕਿ ਲਾਸ਼ ਕਬਜ਼ੇ ਵਿੱਚ ਲਈ ਜਾ ਰਹੀ ਹੈ ਤੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਜਾਂਚੀ ਜਾ ਰਹੀ ਹੈ। ਸਵਿਫਟ ਡਿਜ਼ਾਇਰ ਕਾਰ ਵਿੱਚ ਮ੍ਰਿਤਕ ਨੌਜਵਾਨ ਦੇ ਨਾਲ ਕੋਈ ਹੋਰ ਸਵਾਰ ਸੀ ਜਾਂ ਨਹੀਂ, ਇਸ ਬਾਰੇ ਜਾਂਚ ਜਾਰੀ ਹੈ।












