
ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਦਿੱਲੀ ਦੇ ਜੰਤਰ-ਮੰਤਰ ਅਤੇ ਪੁਣੇ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਜ਼ੋਰਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ, ‘ਕਾਕਰੋਚ ਜਨਤਾ ਪਾਰਟੀ’ ਹੁਣ ਪੰਜਾਬ ਵਿੱਚ ਐਂਟਰੀ ਕਰਨ ਜਾ ਰਹੀ ਹੈ। ਪਾਰਟੀ ਦੇ ਸੰਸਥਾਪਕ ਅਤੇ ਨੌਜਵਾਨ ਕਾਰਕੁਨ ਅਭਿਜੀਤ ਦਿਪਕੇ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਅਗਲਾ ਵੱਡਾ ਵਿਰੋਧ ਪ੍ਰਦਰਸ਼ਨ 13 ਜੂਨ ਨੂੰ ਅੰਮ੍ਰਿਤਸਰ ਵਿਖੇ ਕੀਤਾ ਜਾਵੇਗਾ। ਦੇਸ਼ ਦੇ ਨੌਜਵਾਨਾਂ, ਖ਼ਾਸ ਕਰਕੇ ‘ਜਨਰੇਸ਼ਨ ਜ਼ੈੱਡ’ (Gen Z) ਦੀ ਅਗਵਾਈ ਵਾਲੀ ਇਹ ਮੁਹਿੰਮ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੀ ਹੈ। ਨੌਜਵਾਨਾਂ ਦਾ ਇਹ ਗੁੱਸਾ ਨੀਟ (NEET) ਪ੍ਰੀਖਿਆ ਦੇ ਪੇਪਰ ਲੀਕ ਹੋਣ ਅਤੇ ਸੀ.ਬੀ.ਐਸ.ਈ. (CBSE) ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਹੋਈਆਂ ਕਥਿਤ ਗੜਬੜੀਆਂ ਖ਼ਿਲਾਫ਼ ਭੜਕਿਆ ਹੈ।

ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਅਤੇ ਇੰਸਟਾਗ੍ਰਾਮ ’ਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕਰਦਿਆਂ ਦੱਸਿਆ ਕਿ ‘ਕਾਕਰੋਚ ਜਨਤਾ ਪਾਰਟੀ’ ਵੱਲੋਂ 13 ਜੂਨ ਨੂੰ ਸ਼ਾਮ 4 ਵਜੇ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਉਲੀਕਿਆ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ ਅਤੇ ਵਲੰਟੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਭਵਿੱਖ ਦੀ ਰੱਖਿਆ ਅਤੇ ਸਿੱਖਿਆ ਪ੍ਰਣਾਲੀ ਵਿੱਚ ਜਵਾਬਦੇਹੀ ਤੈਅ ਕਰਨ ਲਈ ਵੱਡੀ ਗਿਣਤੀ ਵਿੱਚ ਇਸ ਪ੍ਰਦਰਸ਼ਨ ਦਾ ਹਿੱਸਾ ਬਣਨ। ਇੰਟਰਨੈੱਟ ਦੇ ਆਨਲਾਈਨ ਫੋਰਮਾਂ ਅਤੇ ਮੀਮਜ਼ (Memes) ਤੋਂ ਸ਼ੁਰੂ ਹੋਇਆ ਇਹ ਦੇਸ਼ ਵਿਆਪੀ ਅੰਦੋਲਨ ਹੁਣ ਸੜਕਾਂ ’ਤੇ ਉਤਰ ਆਇਆ ਹੈ। ਇਸ ਲਹਿਰ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਅਤੇ ਸਰਕਾਰੀ ਪ੍ਰੀਖਿਆਵਾਂ ਦੇ ਪ੍ਰਬੰਧਨ ਨੂੰ ਲੈ ਕੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਹੈ, ਜਿਸ ਨਾਲ ਦੇਸ਼ ਭਰ ਵਿੱਚ ਪ੍ਰੀਖਿਆਵਾਂ ਦੇ ਸੁਧਾਰਾਂ ਨੂੰ ਲੈ ਕੇ ਇੱਕ ਵੱਡੀ ਬਹਿਸ ਛਿੜ ਗਈ ਹੈ। ਇਹ ਮੁਹਿੰਮ ਵਿਦਿਆਰਥੀਆਂ ਨਾਲ ਹੋ ਰਹੀ ਲਾਪਰਵਾਹੀ ਵਿਰੁੱਧ ਜਵਾਬਦੇਹੀ ਦੀ ਮੰਗ ਕਰ ਰਹੀ ਹੈ।












