Tuesday, October 13, 2026
Home Crime ਹੁਸ਼ਿਆਰਪੁਰ ‘ਚ ਨਾਬਾਲਗ ਕੁੜੀ ਨਾਲ ਜਬਰ-ਜਨਾਹ, ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ...

ਹੁਸ਼ਿਆਰਪੁਰ ‘ਚ ਨਾਬਾਲਗ ਕੁੜੀ ਨਾਲ ਜਬਰ-ਜਨਾਹ, ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲਾ ਨਾਬਾਲਗ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਾਬਾਲਗ ਲੜਕੇ ਵੱਲੋਂ 11ਵੀਂ ਜਮਾਤ ਦੀ 16 ਸਾਲਾ ਵਿਦਿਆਰਥਣ ਨਾਲ ਜਬਰ-ਜਨਾਹ ਕਰਨ ਉਪਰੰਤ ਉਸ ਦੀ ਅਸ਼ਲੀਲ ਵੀਡੀਓ ਰਿਕਾਰਡ ਕਰਨ ਅਤੇ ਉਸ ਦੇ ਆਧਾਰ ’ਤੇ ਬਲੈਕਮੇਲ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਪੁਲਿਸ ਨੇ ਪੀੜਤ ਕੁੜੀ ਦੀ ਮਾਂ ਵੱਲੋਂ ਐਤਵਾਰ ਨੂੰ ਦਰਜ ਕਰਵਾਈ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਲੜਕੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ, ਮੁਲਜ਼ਮ ਲੜਕਾ ਪੀੜਤ ਕੁੜੀ ਦੀ ਪ੍ਰਾਈਵੇਟ ਅਕੈਡਮੀ ਵਿੱਚ ਹੀ ਉਸ ਤੋਂ ਸੀਨੀਅਰ ਕਲਾਸ ਵਿੱਚ ਪੜ੍ਹਦਾ ਸੀ। ਪਿਛਲੇ ਸਾਲ 23 ਅਕਤੂਬਰ ਨੂੰ ਮੁਲਜ਼ਮ ਨੇ ਸੋਸ਼ਲ ਮੀਡੀਆ ਐਪ ‘ਸਨੈਪਚੈਟ’ ਤੇ ਕੁੜੀ ਨੂੰ ਫਰੈਂਡ ਰਿਕਵੈਸਟ ਭੇਜੀ ਸੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਆਰੋਪ ਹੈ ਕਿ ਮੁਲਜ਼ਮ ਅਕਸਰ ਅਕੈਡਮੀ ਦੇ ਨੇੜੇ ਕੁੜੀ ਨੂੰ ਮਿਲਦਾ ਸੀ ਅਤੇ ਉਸ ਕੋਲੋਂ ਪੈਸਿਆਂ ਦੀ ਮੰਗ ਵੀ ਕਰਦਾ ਹੁੰਦਾ ਸੀ।

Advertisements

ਸ਼ਿਕਾਇਤ ਮੁਤਾਬਕ, ਬੀਤੇ ਸਾਲ 15 ਦਸੰਬਰ ਨੂੰ ਮੁਲਜ਼ਮ ਲੜਕਾ ਪੀੜਤ ਕੁੜੀ ਨੂੰ ਆਪਣੀ ਮੋਟਰਸਾਈਕਲ ’ਤੇ ਬਿਠਾ ਕੇ ਇੱਕ ਘਰ ਵਿੱਚ ਲੈ ਗਿਆ ਅਤੇ ਦਾਅਵਾ ਕੀਤਾ ਕਿ ਇਹ ਘਰ ਉਸ ਦੀ ਦਾਦੀ ਦਾ ਹੈ। ਉੱਥੇ ਲਿਜਾ ਕੇ ਉਸ ਨੇ ਕੁੜੀ ਨਾਲ ਜਬਰ-ਜਨਾਹ ਕੀਤਾ ਅਤੇ ਉਸ ਦੀ ਇੱਕ ਇਤਰਾਜ਼ਯੋਗ ਵੀਡੀਓ ਵੀ ਬਣਾ ਲਈ। ਮੁਲਜ਼ਮ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਵੇਗਾ। ਇਸ ਡਰ ਅਤੇ ਸਹਿਮ ਕਾਰਨ ਪੀੜਤ ਕੁੜੀ ਲੰਮੇ ਸਮੇਂ ਤੱਕ ਖ਼ਾਮੋਸ਼ ਰਹੀ, ਪਰ ਹਾਲ ਹੀ ਵਿੱਚ ਜਦੋਂ ਉਸ ਨੇ ਹਿੰਮਤ ਕਰਕੇ ਆਪਣੀ ਮਾਂ ਨੂੰ ਇਸ ਹੱਡ-ਬੀਤੀ ਅਤੇ ਬਲੈਕਮੇਲਿੰਗ ਬਾਰੇ ਦੱਸਿਆ, ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰਿਵਾਰ ਨੇ ਤੁਰੰਤ ਪੁਲਿਸ ਤੱਕ ਪਹੁੰਚ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਨਾਬਾਲਗ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

LEAVE A REPLY

Please enter your comment!
Please enter your name here