
ਫਰੀਦਕੋਟ (ਦ ਸਟੈਲਰ ਨਿਊਜ਼)। ਫਰੀਦਕੋਟ ਦੇ ਜਾਨੀਆਂ ਮੁਹੱਲੇ ਤੋਂ ਇਕ ਦੁਖਭਰੀ ਖਬਰ ਸਾਹਮਣੇ ਆਈ ਹੈ, ਜਿਥੇ ਇੱਕ ਅਪਾਹਜ ਮਹਿਲਾ ਦਾ ਘਰ ਵਿੱਚ ਵੜ ਕੇ ਗਲਾ ਵੱਢ ਕੇ ਕ਼ਤਲ ਕਰ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਹਿਚਾਣ ਨੀਤੂ ਪਤਨੀ ਪ੍ਰਦੀਪ ਕੁਮਾਰ ਵਜੋਂ ਹੋਈ ਹੈ, ਜੋ ਕਿ ਇੱਕ ਸਰਕਾਰੀ ਅਧਿਆਪਕ ਹੈ ਅਤੇ ਖੁਦ ਵੀ ਅਪਾਹਜ ਹੈ।

ਜਾਣਕਾਰੀ ਅਨੁਸਾਰ ਮ੍ਰਿਤਕਾ ਨੀਤੂ ਘਰੇਲੂ ਔਰਤ ਸੀ ਉਸਦਾ ਪਤੀ ਪ੍ਰਦੀਪ ਕੁਮਾਰ ਜਦੋਂ ਦੁਪਹਿਰ ਆਪਣੀ ਡਿਊਟੀ ਤੋਂ ਵਾਪਿਸ ਆਇਆ ਤਾਂ ਦਰਵਾਜ਼ਾ ਖੜਕਾਉਣ ‘ਤੇ ਕੋਈ ਬਾਹਰ ਨਹੀਂ ਆਇਆ ਤਾਂ ਉਸ ਨੇ ਗੁਆਂਢੀ ਔਰਤ ਨੂੰ ਦਰਵਾਜ਼ਾ ਖੋਲਣ ਲਈ ਕਿਹਾ। ਜਦੋਂ ਗੁਆਂਢੀ ਔਰਤ ਨੇ ਦਰਵਾਜ਼ਾ ਖੋਲਿਆ ਤਾਂ ਉਹ ਡਰ ਦੇ ਮਾਰੇ ਬਾਹਰ ਨੂੰ ਭੱਜੀ ਕਿਉਕਿ ਘਰ ਦੇ ਬੈਡਰੂਮ ਵਿੱਚ ਨੀਤੂ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ, ਜਿਸ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਦਾ ਵਾਰ ਕੀਤਾ ਹੋਇਆ ਸੀ ਅਤੇ ਪੂਰੇ ਕਮਰੇ ਵਿੱਚ ਖੂਨ ਫੈਲਿਆ ਹੋਇਆ ਸੀ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਥੇ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਉਹ ਨੌਕਰੀ ਕਰਦਾ ਹੈ ਅਤੇ ਉਸ ਦੀ ਪਤਨੀ ਹਾਊਸ ਵਾਈਫ ਹੈ। ਉਹ ਦੋਵੇਂ ਅਪਾਹਜ ਹਨ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਸਕੂਲ ਪੜਨ ਲਈ ਗਏ ਹੋਏ ਸਨ। ਉਸ ਨੇ ਕਿਹਾ ਕਿ ਨਾ ਤਾਂ ਸਾਡੀ ਕਿਸੇ ਨਾਲ ਕੋਈ ਰੰਜਿਸ਼ ਹੈ ਅਤੇ ਨਾ ਹੀ ਘਰ ਵਿਚ ਕੁੱਝ ਅਜਿਹਾ ਸੀ, ਜਿਸ ਦੀ ਚੋਰੀ ਦਾ ਡਰ ਹੋਵੇ ਪਰ ਫਿਰ ਵੀ ਇੰਨੀ ਬੇਰਹਿਮੀ ਨਾਲ ਕ਼ਤਲ ਕਰਨ ਦੀ ਵਜ੍ਹਾ ਨਹੀਂ ਸਮਝ ਆਉਂਦੀ।












