
ਨਾਭਾ (ਦ ਸਟੈਲਰ ਨਿਊਜ਼)। ਨਾਭਾ ਦੇ ਪਿੰਡ ਕੋਟ ਕਲਾਂ ਤੋਂ ਨਾਜ਼ਾਇਜ਼ ਮਾਇਨਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਮਨਦੀਪ ਸਿੰਘ ਨੂੰ ਨਾਜਾਇਜ਼ ਮਾਈਨਿੰਗ ਦੇ ਇਲਜ਼ਾਮਾਂ ਅਧੀਨ ਮੁਅੱਤਲ ਕਰ ਦਿੱਤਾ ਗਿਆ ਹੈ। ਸਰਪੰਚ ਖਿਲਾਫ਼ ਵਿਰੋਧੀ ਧਿਰ ਦੇ ਪੰਚ ਤੇ ਪਿੰਡ ਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਸਰਪੰਚ, ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦਾ ਕਾਫੀ ਕਰੀਬੀ ਹੈ। ਇਸ ਨੇੜਤਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਸਰਪੰਚ ‘ਤੇ ਸ਼ਾਮਲਾਟ ਜ਼ਮੀਨ ‘ਚ ਬਿਨਾਂ ਪੰਚਾਇਤ ਦੀ ਮਨਜੂਰੀ ਮਾਈਨਿੰਗ ਕਰਨ ਅਤੇ ਸ਼ਾਮਲਾਟ ਜ਼ਮੀਨ ਦੇ ਉਪਰ ਘਰ ਬਣਾਉਣ ਦੇ ਇਲਜ਼ਾਮ ਲੱਗੇ ਹਨ। ਇਸ ਸ਼ਿਕਾਇਤ ‘ਤੇ ਹੀ ਕਾਰਵਾਈ ਕਰਦੇ ਹੋਏ ਪੰਚਾਇਤ ਵਿਭਾਗ ਵੱਲੋਂ ਸਰਪੰਚ ਖਿਲਾਫ਼ ਕਾਰਵਾਈ ਕੀਤੀ ਗਈ ਹੈ ਅਤੇ ਮੁਅੱਤਲੀ ਤਹਿਤ ਅਗਲੇ ਹੁਕਮਾਂ ਤੱਕ ਕਿਸੇ ਵੀ ਮੀਟਿੰਗ ‘ਚ ਸ਼ਾਮਿਲ ਹੋਣ ‘ਤੇ ਵੀ ਮੁਕੰਮਲ ਰੋਕ ਲਾਈ ਗਈ ਹੈ।


ਜਾਣਕਾਰੀ ਅਨੁਸਾਰ, ਵਿਰੋਧੀ ਧਿਰ ਦੇ ਪੰਚਾਂ ਅਤੇ ਪਿੰਡ ਵਾਸੀਆਂ ਵੱਲੋਂ ਸਰਪੰਚ ਅਮਨਦੀਪ ਸਿੰਘ ਖ਼ਿਲਾਫ਼ ਕਈ ਸ਼ਿਕਾਇਤਾਂ ਕੀਤੀਆਂ ਗਈਆਂ ਸਨ। ਸ਼ਿਕਾਇਤਾਂ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਬਿਨਾਂ ਮਨਜ਼ੂਰੀ ਮਿੱਟੀ ਪੁੱਟਣ ਅਤੇ ਮਾਈਨਿੰਗ ਕਰਵਾਉਣ, ਖਸਰਾ ਨੰਬਰ 190 ਦੀ ਪੰਚਾਇਤੀ ਪਹੀ ’ਤੇ ਮਕਾਨ ਬਣਾ ਕੇ ਨਾਜਾਇਜ਼ ਕਬਜ਼ਾ ਕਰਨ, ਪੰਚਾਇਤ ਮੈਂਬਰ ਮਨਜੀਤ ਕੌਰ ਦੇ ਜਾਅਲੀ ਦਸਤਖ਼ਤ ਕਰਕੇ ਗੈਰ-ਕਾਨੂੰਨੀ ਕੰਮ ਕਰਨ ਅਤੇ ਪੰਚਾਇਤੀ ਫੰਡਾਂ ਅਤੇ ਗ੍ਰਾਂਟਾਂ ਵਿੱਚ ਘਪਲੇ ਕਰਨ ਦੇ ਇਲਜ਼ਾਮ ਲਾਏ ਗਏ ਸਨ। ਡੀਡੀਪੀਓ ਪਟਿਆਲਾ ਨੇ ਜਾਂਚ ਦੌਰਾਨ ਪਾਇਆ ਕਿ ਪਿੰਡ ਕੋਟ ਕਲਾਂ ਵਿੱਚ ਮਿੱਟੀ ਪੁੱਟਣ ਲਈ ਪੰਚਾਇਤ ਜਾਂ ਸਬੰਧਤ ਮਾਈਨਿੰਗ ਵਿਭਾਗ ਤੋਂ ਮਨਜ਼ੂਰੀ ਨਹੀਂ ਲਈ ਗਈ ਸੀ। ਸ਼ਿਕਾਇਤ ਸਬੰਧੀ ਅਮਨਦੀਪ ਸਿੰਘ ਵੱਲੋਂ ਮੰਗੇ ਗਏ ਜਵਾਬ/ਸਪੱਸ਼ਟੀਕਰਨ ਵੀ ਪੇਸ਼ ਨਹੀਂ ਕੀਤੇ ਗਏ। ਇਸ ਦੇ ਆਧਾਰ ’ਤੇ ਪੰਜਾਬ ਪੰਚਾਇਤੀ ਰਾਜ ਐਕਟ, 1994 ਦੀ ਧਾਰਾ 20(4) ਤਹਿਤ ਅਮਨਦੀਪ ਸਿੰਘ ਨੂੰ ਸਰਪੰਚ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ, ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।












