Saturday, October 31, 2026
Home Crime ਘਰੇਲੂ ਕਲੇਸ਼ ਕਾਰਨ ਮਹਿਲਾ ਨੇ 3 ਬੱਚਿਆਂ ਸਮੇਤ ਨਿਗਲਿਆ ਜ਼ਹਿਰ, ਧੀ ਦੀ...

ਘਰੇਲੂ ਕਲੇਸ਼ ਕਾਰਨ ਮਹਿਲਾ ਨੇ 3 ਬੱਚਿਆਂ ਸਮੇਤ ਨਿਗਲਿਆ ਜ਼ਹਿਰ, ਧੀ ਦੀ ਮੌਤ

ਕਪੂਰਥਲਾ (ਦ ਸਟੈਲਰ ਨਿਊਜ਼)। ਕਪੂਰਥਲਾ ਵਿੱਚ ਇਕ ਔਰਤ ਨੇ ਤਿੰਨ ਬੱਚਿਆਂ ਸਮੇਤ ਜ਼ਹਿਰ ਪੀ ਲਿਆ। ਜਦੋਂ ਉਸ ਦਾ ਪਤੀ ਘਰ ਪਹੁੰਚਿਆ ਤਾਂ ਤਿੰਨੋਂ ਬੱਚੇ ਜ਼ਮੀਨ ‘ਤੇ ਬੇਹੋਸ਼ ਪਏ ਸਨ, ਜਦਕਿ ਔਰਤ ਉਲਟੀਆਂ ਕਰ ਰਹੀ ਸੀ ਅਤੇ ਅੱਧੀ-ਬੇਹੋਸ਼ੀ ਦੀ ਹਾਲਤ ਵਿੱਚ ਸੀ। ਇਸ ਤੋਂ ਬਾਅਦ ਪਤੀ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ, ਜਿੱਥੇ ਐਮਰਜੈਂਸੀ ਵਾਰਡ ਦੇ ਡਾਕਟਰਾਂ ਨੇ ਇਲਾਜ ਦੌਰਾਨ 6 ਸਾਲਾ ਬੇਟੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਇਕ ਬੇਟੀ, ਬੇਟੇ ਅਤੇ ਪਤਨੀ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਇੱਥੇ ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ, ਪਰਿਵਾਰ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਪਿਛਲੇ 15 ਸਾਲਾਂ ਤੋਂ ਕਪੂਰਥਲਾ ਦੇ ਮੱਲੂ ਕਾਦਰਾਬਾਦ ਪਿੰਡ ਵਿੱਚ ਰਹਿ ਰਿਹਾ ਹੈ।

Advertisements

ਪਤੀ ਲਵਕੁਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਕੱਲ੍ਹ ਆਪਣੀ ਮਾਂ (ਸੱਸ) ਨਾਲ ਫ਼ੋਨ ‘ਤੇ ਗੱਲ ਕੀਤੀ ਸੀ, ਉਦੋਂ ਕੋਈ ਗੱਲ ਹੋਈ ਹੋਵੇ। ਇਸ ਤੋਂ ਇਲਾਵਾ ਤਾਂ ਕੋਈ ਹੋਰ ਗੱਲ ਤਾਂ ਨਹੀਂ ਹੋਈ ਹੈ। ਲਵਕੁਸ਼ ਨੇ ਕਿਹਾ ਕਿ ਉਹ ਆਮ ਵਾਂਗ ਖੇਤਾਂ ਵਿੱਚ ਕੰਮ ਖਤਮ ਕਰਨ ਤੋਂ ਬਾਅਦ ਰਾਤ 11 ਵਜੇ ਦੇ ਕਰੀਬ ਘਰ ਵਾਪਸ ਆਇਆ। ਜਦੋਂ ਉਹ ਪਹੁੰਚਿਆ ‘ਤੇ ਉਸਨੇ ਆਪਣੀ ਪਤਨੀ ਸੰਤੋਸ਼ ਦੇਵੀ ਨੂੰ ਬਹੁਤ ਖਰਾਬ ਹਾਲਤ ਵਿੱਚ ਲਗਾਤਾਰ ਉਲਟੀਆਂ ਕਰਦਿਆਂ ਦੇਖਿਆ। ਨੇੜੇ ਹੀ ਕੀਟਨਾਸ਼ਕ ਦੀ ਇੱਕ ਬੋਤਲ ਪਈ ਸੀ। ਘਰ ਦੇ ਅੰਦਰ, ਉਸਦੇ ਤਿੰਨ ਬੱਚੇ ਵੀ ਬੇਹੋਸ਼ ਪਏ ਸਨ। ਪਰਿਵਾਰ ਦੀ ਹਾਲਤ ਦੇਖ ਕੇ, ਲਵਕੁਸ਼ ਘਬਰਾ ਗਿਆ ਅਤੇ ਤੁਰੰਤ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ 108 ਐਂਬੂਲੈਂਸ ਨੂੰ ਬੁਲਾਇਆ। ਥੋੜ੍ਹੀ ਦੇਰ ਬਾਅਦ ਐਂਬੂਲੈਂਸ ਪਹੁੰਚੀ ਅਤੇ ਸੰਤੋਸ਼ ਦੇਵੀ ਅਤੇ ਤਿੰਨਾਂ ਬੱਚਿਆਂ ਨੂੰ ਇਲਾਜ ਲਈ ਕਪੂਰਥਲਾ ਸਿਵਲ ਹਸਪਤਾਲ ਲਿਜਾਇਆ ਗਿਆ। ਸਿਵਲ ਹਸਪਤਾਲ ਵਿੱਚ ਡਿਊਟੀ ‘ਤੇ ਤਾਇਨਾਤ ਡਾਕਟਰ ਕਰਨਪ੍ਰੀਤ ਸਿੰਘ ਅਤੇ ਮੈਡੀਕਲ ਟੀਮ ਨੇ ਤੁਰੰਤ ਉਨ੍ਹਾਂ ਸਾਰਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ। ਚਾਰਾਂ ਦੀ ਹਾਲਤ ਗੰਭੀਰ ਹੋਣ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦਿੱਤੀ, ਪਰ 6 ਸਾਲਾ ਖੁਸ਼ੀ ਦੀ ਇਲਾਜ ਦੌਰਾਨ ਮੌਤ ਹੋ ਗਈ। ਸੰਤੋਸ਼ ਦੇਵੀ 8 ਸਾਲਾ ਅੰਮ੍ਰਿਤਾ ਅਤੇ ਉਨ੍ਹਾਂ ਦੇ ਦੋ ਸਾਲਾ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ, ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਬਿਹਤਰ ਇਲਾਜ ਲਈ ਉਨ੍ਹਾਂ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ।

ਹਸਪਤਾਲ ਦੇ ਸੂਤਰਾਂ ਅਨੁਸਾਰ, ਤਿੰਨਾਂ ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਅਤੇ ਉਨ੍ਹਾਂ ਦਾ ਮਾਹਰ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਜਾਰੀ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ, ਸਦਰ ਪੁਲਿਸ ਸਟੇਸ਼ਨ ਦੀ ਇੱਕ ਟੀਮ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਟੇਸ਼ਨ ਹਾਊਸ ਅਫਸਰ (ਐਸਐਚਓ) ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਹਰ ਪਹਿਲੂ ਤੋਂ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਅਤੇ ਹੋਰ ਸਬੰਧਤ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਹ ਉਨ੍ਹਾਂ ਹਾਲਾਤਾਂ ਦੀ ਵੀ ਜਾਂਚ ਕਰ ਰਹੇ ਹਨ ਜਿਨ੍ਹਾਂ ਵਿੱਚ ਕੀਟਨਾਸ਼ਕ ਦਾ ਸੇਵਨ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here