Thursday, October 8, 2026
Home Latest ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਮੌਕੇ ਪਟਾਖੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਤਿਉਹਾਰਾਂ ਮੌਕੇ ਪਟਾਖੇ ਤੇ ਆਤਿਸ਼ਬਾਜ਼ੀ ਚਲਾਉਣ ਲਈ ਸਮਾਂ ਨਿਰਧਾਰਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜ਼ਿਲ੍ਹਾ ਮੈਜਿਸਟਰੇਟ ਆਸ਼ਿਕਾ ਜੈਨ ਨੇ ਤਿਉਹਾਰਾਂ ਮੌਕੇ ਜ਼ਿਲ੍ਹੇ ਅੰਦਰ ਪਟਾਕੇ ਚਲਾਉਣ ਸਬੰਧੀ ਹੁਕਮ ਜਾਰੀ ਕਰਦਿਆਂ ਸਮਾਂ ਨਿਰਧਾਰਤ ਕੀਤਾ ਹੈ ਅਤੇ ਲੋਕਾਂ ਨੂੰ ਤਿਉਹਾਰਾਂ ਮੌਕੇ ਸਿਰਫ਼ ਗਰੀਨ ਪਟਾਕੇ (ਵਾਤਾਵਰਣ ਪੱਖੀ) ਹੀ ਚਲਾਉਣ ਦੀ ਹਦਾਇਤ ਕੀਤੀ। ਹੁਕਮਾਂ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਬਹੁਤ ਜ਼ਿਆਦਾ ਆਵਾਜ਼ ਜਾਂ ਧਮਾਕੇ ਵਾਲੇ ਬਿਲਕੁਲ ਨਾ ਚਲਾਏ ਜਾਣ। ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਦੀਵਾਲੀ ਵਾਲੇ ਦਿਨ 8 ਨਵੰਬਰ 2026 ਨੂੰ ਰਾਤ 8:00 ਵਜੇ ਤੋਂ ਰਾਤ 10 ਵਜੇ ਤੱਕ ਮਨਜ਼ੂਰਸ਼ੁਦਾ ਪਟਾਕੇ ਚਲਾਏ ਜਾ ਸਕਣਗੇ। ਇਸੇ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ 24 ਨਵੰਬਰ ਨੂੰ ਸਵੇਰੇ 4:00 ਵਜੇ ਤੋਂ ਸਵੇਰੇ 5:00 ਵਜੇ ਤੱਕ ਅਤੇ ਰਾਤ 9:00 ਵਜੇ ਤੋਂ ਰਾਤ 10:00 ਵਜੇ ਤੱਕ ਪਟਾਕੇ ਚਲਾਏ ਜਾਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਜਾਰੀ ਹੁਕਮਾਂ ਅਨੁਸਾਰ ਕ੍ਰਿਸਮਸ ਵਾਲੇ ਦਿਨਾਂ 25 ਅਤੇ 26 ਦਸੰਬਰ ਨੂੰ ਰਾਤ 11:55 ਵਜੇ ਤੋਂ ਰਾਤ 12:30 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ। ਨਵੇਂ ਸਾਲ ਦੀ ਪੂਰਬਲੀ ਸ਼ਾਮ ਮੌਕੇ 31 ਦਸੰਬਰ ਨੂੰ ਰਾਤ 11:55 ਵਜੇ ਤੋਂ ਰਾਤ 12:30 ਵਜੇ ਤੱਕ ਹੀ ਪਟਾਕੇ ਚਲਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।

Advertisements

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਕਸਰ ਦੇਖਣ ਵਿਚ ਆਇਆ ਹੈ ਕਿ ਲੋਕਾਂ ਵਲੋਂ ਅਜਿਹੇ ਪਟਾਕੇ ਚਲਾਏ ਜਾਂਦੇ ਹਨ ਜਿਹੜੇ ਬਜ਼ੁਰਗਾਂ, ਬੀਮਾਰਾਂ, ਬੱਚਿਆਂ ਆਦਿ ਦੀ ਸਿਹਤ ’ਤੇ ਮਾੜਾ ਅਸਰ ਪਾਉਂਦੇ ਹਨ ਜਿਸ ਦੇ ਮੱਦੇਨਜ਼ਰ ਪਟਾਕੇ ਵੇਚਣ ਵਾਲਿਆਂ, ਡੀਲਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਲੜੀਵਾਰ ਚੱਲਣ ਵਾਲੇ ਪਟਾਕੇ ਅਤੇ ਲੜੀਆਂ ਆਦਿ ਵੇਚਣ ’ਤੇ ਪਾਬੰਦੀ ਰਹੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਸਿਰਫ ਗਰੀਨ ਪਟਾਕੇ (ਵਾਤਾਵਰਣ ਪੱਖੀ) ਦੀ ਵਿਕਰੀ ਦੀ ਇਜ਼ਾਜਤ ਰਹੇਗੀ ਅਤੇ ਮਨਜ਼ੂਰਸ਼ੁਦਾ ਪਟਾਕੇ ਸਿਰਫ਼ ਲਾਇਸੰਸ ਧਾਰਕ ਟਰੇਡਰਾਂ ਵਲੋਂ ਹੀ ਵੇਚੇ ਜਾਣਗੇ। ਕੋਈ ਵੀ ਲਾਇਸੰਸ ਧਾਰਕ ਟਰੇਡਰ ਅਜਿਹੇ ਪਟਾਕੇ ਨਹੀਂ ਵੇਚੇਗਾ ਜਿਸ ਦੀ ਆਵਾਜ ਨਿਰਧਾਰਤ ਆਵਾਜ਼ ਤੋਂ ਜ਼ਿਆਦਾ ਹੋਵੇਗੀ। ਹੁਕਮਾਂ ਅਨੁਸਾਰ ਕੋਈ ਵੀ ਈ-ਕਾਮਰਸ ਵੈੱਬਸਾਈਟ ਆਨਲਾਈਨ ਪਟਾਕਿਆਂ ਦੀ ਵਿਕਰੀ ਨਹੀਂ ਕਰੇਗੀ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਦੀ ਮਾਮਲਿਆਂ ਵਿਚ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here