
ਲੁਧਿਆਣਾ (ਦ ਸਟੈਲਰ ਨਿਊਜ਼)। ਪਿੰਡ ਜੱਟਪੁਰਾ ਤੋਂ ਇੱਕ ਅਜਿਹੀ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਪਿੰਡ ਦੀ ਹੀ ਇੱਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਉਣ ਦੀ ਇੱਛਾ ਰੱਖਣ ਵਾਲੇ 22 ਸਾਲਾ ਨੌਜਵਾਨ ਹਰਮਨਜੋਤ ਨੂੰ ਜਿਊਂਦਾ ਸਾੜ ਕੇ ਮਾਰ ਦਿੱਤਾ ਗਿਆ। 10 ਦਿਨ ਤੱਕ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਨ ਤੋਂ ਬਾਅਦ, ਆਖ਼ਿਰਕਾਰ ਹਰਮਨਜੋਤ ਨੇ ਦਮ ਤੋੜ ਦਿੱਤਾ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਅਨੁਸਾਰ ਇਹ ਸਾਰੀ ਸਾਜ਼ਿਸ਼ ਬੀਤੀ 9 ਨਵੰਬਰ ਦੀ ਸ਼ਾਮ ਨੂੰ ਰਚੀ ਗਈ। ਲੜਕੀ ਦੇ ਪਿਤਾ ਸੁਭਾਸ਼ ਕੁਮਾਰ ਨੇ ਵਿਆਹ ਦੀ ਗੱਲ ਕਰਨ ਦੇ ਬਹਾਨੇ ਹਰਮਨਜੋਤ ਨੂੰ ਆਪਣੇ ਘਰ ਬੁਲਾਇਆ। ਪਰ ਉੱਥੇ ਗੱਲਬਾਤ ਦੀ ਬਜਾਏ ਮੌਤ ਦਾ ਖੇਡ ਖੇਡਿਆ ਗਿਆ। ਸੁਭਾਸ਼ ਕੁਮਾਰ ਅਤੇ ਉਸ ਦੇ ਪੁੱਤਰਾਂ ਮਨਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਨੇ ਪਹਿਲਾਂ ਤਾਂ ਹਰਮਨਜੋਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

ਆਰੋਪ ਇਹ ਵੀ ਹਨ ਕਿ ਲੜਕੀ ਦੇ ਮਾਮੇ ਨੇ ਹਰਮਨਜੋਤ ਨੂੰ ਜਕੜ ਕੇ ਰੱਖਿਆ ਅਤੇ ਲੜਕੀ ਦੇ ਪਿਤਾ ਸੁਭਾਸ਼ ਕੁਮਾਰ ਨੇ ਉਸ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਗੰਭੀਰ ਹਾਲਤ ਵਿੱਚ ਪਰਿਵਾਰ ਵੱਲੋਂ ਉਸ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ, ਫਿਰ ਲੁਧਿਆਣਾ, ਪੀ ਜੀ ਆਈ ਅਤੇ ਅਖੀਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫਰੀਦਕੋਟ ਲਿਜਾਇਆ ਗਿਆ, ਜਿੱਥੇ ਬੀਤੀ ਦੇਰ ਸ਼ਾਮ ਉਸ ਨੇ ਦਮ ਤੋੜ ਦਿੱਤਾ। ਸਰੀਰ ਅਤੇ ਹੱਥਾਂ ਦੇ ਬੁਰੀ ਤਰ੍ਹਾਂ ਝੁਲਸਣ ਕਾਰਨ 11 ਨਵੰਬਰ ਨੂੰ ਲਏ ਗਏ ਉਸ ਦੇ ਬਿਆਨਾਂ ’ਤੇ ਪੈਰ ਦੇ ਅੰਗੂਠੇ ਦਾ ਨਿਸ਼ਾਨ ਲਿਆ ਗਿਆ ਸੀ। ਥਾਣਾ ਹਠੂਰ ਨੇ ਸੁਭਾਸ਼ ਕੁਮਾਰ, ਉਸ ਦੇ ਦੋਵੇਂ ਪੁੱਤਰਾਂ ਅਤੇ ਸਾਲੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਸੁਭਾਸ਼ ਕੁਮਾਰ ਅਤੇ ਉਸ ਦੇ ਦੋਵਾਂ ਪੁੱਤਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਚੌਥੇ ਮੁਲਜ਼ਮ ਦੀ ਭਾਲ ਜਾਰੀ ਹੈ।












