ਭਾਈ ਘਨੱਈਆ ਸਿਹਤ ਸੇਵਾ ਸਕੀਮ ਦਾ ਲਾਭ ਹੁਣ ਸਹਿਕਾਰੀ ਬੈਂਕਾਂ ਦੇ ਖਾਤਾ ਧਾਰਕ ਵੀ ਲੈ ਸਕਣਗੇ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ:ਮੁਕਤਾ ਵਾਲਿਆ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਦੱਸਿਆ ਕਿ ਭਾਈ ਘਨੱਈਆ ਸਿਹਤ ਸੇਵਾ ਸਕੀਮ ਦਾ ਲਾਭ ਹੁਣ ਸਹਿਕਾਰੀ ਬੈਂਕਾਂ ਦੇ ਖਾਤਾ ਧਾਰਕ ਵੀ ਲੈ ਸਕਦੇ ਹਨ, ਇਸ ਲਈ ਇਸ ਸਕੀਮ ਦਾ ਲਾਭ ਹਰੇਕ ਵਿਅਕਤੀ ਕੇਂਦਰੀ ਸਹਿਕਾਰੀ ਬੈਂਕ ਵਿੱਚ ਆਪਣਾ ਖਾਤਾ ਖੁਲਵਾ ਕੇ ਲੈ ਸਕਦਾ ਹੈ।

Advertisements

ਉਹਨਾਂ ਦੱਸਿਆ ਕਿ ਬੈਂਕ ‘ਚ ਬੱਚਤ ਖਾਤਾ ਖੁਲਵਾਉਣ ਵਾਲਾ ਘਰ ਦਾ ਮੁਖੀ 1749 ਰੁਪਏ ਦਾ ਪ੍ਰੀਮੀਅਮ ਭਰ ਕੇ ਅਤੇ ਘਰ ਦੇ ਹੋਰ ਮੈਂਬਰਾਂ ਨੂੰ 433 ਰੁਪਏ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਪ੍ਰੀਮੀਅਮ ਭਰ ਕੇ ਇਕ ਸਾਲ ਤੱਕ 2 ਲੱਖ ਰੁਪਏ ਤੱਕ ਦੇ ਕੈਸ਼ਲੈਸ/ਪ੍ਰਤੀ ਪੂਰਤੀ ਇਲਾਜ ਦਾ ਬੀਮਾ ਕਵਰ ਕਰ ਸਕਦਾ ਹੈ। ਇਸ ਸਕੀਮ ਦਾ ਲਾਭ 75 ਸਾਲ ਤੱਕ ਦਾ ਵਿਅਕਤੀ ਲੈ ਸਕਦਾ ਹੈ।

ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਇਸ ‘ਚ ਬੀਮਾ ਧਾਰਕ ਨੂੰ ਪਹਿਲਾਂ ਤੋਂ ਹੀ ਹੋਈ ਬਿਮਾਰੀ ਦੇ ਇਲਾਜ ਦਾ ਵੀ ਬੀਮਾ ਕਵਰ ਪ੍ਰਾਪਤ ਹੋਵੇਗਾ, ਜਿਵੇ ਕਿ ਡਾਇਲਸਿਸ ਕਰਵਾਉਣ ਦਾ ਖਰਚਾ, ਕੈਂਸਰ ਦੇ ਇਲਾਜ ਦਾ ਖਰਚਾ, ਅੱਖਾਂ ਦੇ ਇਲਾਜ ਦਾ ਖਰਚਾ ਜਾਂ ਕੋਈ ਹੋਰ ਬਿਮਾਰੀ ਆਦਿ ਦੇ ਇਲਾਜ ਦੇ ਖਰਚੇ ਦੀ ਇਸ ਸਕੀਮ ਤਹਿਤ ਕੈਸ਼ਲੈਸ/ਪ੍ਰਤੀ ਪੂਰਤੀ ਕੀਤੀ ਜਾ ਸਕਦੀ ਹੈ। 

-ਸਹਿਕਾਰੀ ਬੈਂਕ ਨੇ ਵਰਕਸ਼ਾਪ ਲਗਾ ਕੇ ਖਾਤਾ ਧਾਰਕਾਂ ਨੂੰ ਸਕੀਮ ਬਾਰੇ ਦਿੱਤੀ ਜਾਣਕਾਰੀ

ਇਸ ਸਕੀਮ ਵਿੱਚ ਜ਼ਿਲਾ ਹੁਸ਼ਿਆਰਪੁਰ ਦੇ ਪ੍ਰਮੁੱਖ ਹਸਪਤਾਲ ਜਿਵੇਂ ਕਿ ਆਈ.ਵੀ.ਵਾਈ ਹਸਪਤਾਲ, ਨਾਰਦ ਮਲਟੀ ਸਪੈਸ਼ਲਿਟੀ ਐਂਡ ਟਰੋਮਾ ਸੈਂਟਰ ਹਸਪਤਾਲ, ਧਾਮੀ ਹਸਪਤਾਲ, ਪੀ.ਆਰ.ਕੇ.ਐਮ. ਮਾਡਰਨ ਹਸਪਤਾਲ, ਐਡਵਾਂਸ ਆਈ. ਕੇਅਰ ਸੈਂਟਰ, ਥਿੰਦ ਆਈ ਹਸਪਤਾਲ, ਐਸ.ਬੀ.ਆਈ. ਕੇਅਰ ਹਸਪਤਾਲ ਅਤੇ ਗੁਪਤਾ ਸਕਿਨਜ਼ ਆਈ ਕੇਅਰ ਸੈਂਟਰ ਹਸਪਤਾਲ ਸ਼ਾਮਲ ਹਨ।

ਇਸ ਤੋਂ ਇਲਾਵਾ ਪੂਰੇ ਪੰਜਾਬ ਦੇ 234 ਦੇ ਕਰੀਬ ਨਿਜੀ ਹਸਪਤਾਲ ਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵੀ ਇਲਾਜ ਦੀ ਸੁਵਿਧਾ ਉਪਲਬੱਧ ਹੋਵੇਗੀ।  ਉਧਰ ਹੁਸ਼ਿਆਰਪੁਰ ਕੇਂਦਰੀ ਸਹਿਕਾਰੀ ਬੈਂਕ ਵਲੋਂ ਬੈਂਕ ਦੇ ਮੁੱਖ ਦਫਤਰ ਰੇਲਵੇ ਰੋਡ ਹੁਸ਼ਿਆਰਪੁਰ ਵਿਖੇ ਭਾਈ ਘਨੱਈਆ ਸਿਹਤ ਬੀਮਾ ਸਕੀਮ ਤਹਿਤ ਵਰਕਸ਼ਾਪ ਵੀ ਲਗਾਈ ਗਈ, ਜਿਸ ਵਿੱਚ ਇਸ ਸਕੀਮ ਬਾਰੇ ਜਾਣੂ ਕਰਵਾਇਆ ਗਿਆ।

ਇਸ ਮੌਕੇ ਬੈਂਕ ਦੇ ਜ਼ਿਲਾ ਮੈਨੇਜਰ ਗੁਰਬਖਸ਼ ਕੌਰ, ਚੀਫ਼ ਐਗਜੈਕਟਿਵ ਅਫ਼ਸਰ ਰੌਸ਼ਨ ਸਿੰਘ ਅਤੇ ਕੋਆਰਡੀਨੇਟਰ ਸੁਮੀਤ ਕੁਮਾਰ ਵਲੋਂ ਭਾਈ ਘਨੱਈਆ ਸਿਹਤ ਸੇਵਾ ਸਕੀਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਬੜੀ ਬਾਰੀਕੀ ਨਾਲ ਖਾਤਾ ਧਾਰਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਬਰਾਂਚ ਮੈਂਬਰ ਅਤੇ ਭਾਰੀ ਗਿਣਤੀ ਵਿੱਚ ਖਾਤਾ ਧਾਰਕ ਹਾਜ਼ਰ ਸਨ।

LEAVE A REPLY

Please enter your comment!
Please enter your name here