ਆਮ ਆਦਮੀ ਪਾਰਟੀ ਦਾ ਦਲਿਤਾਂ ਪ੍ਰਤੀ ਚਿਹਰਾ ਹੋਇਆ ਬੇ-ਨਕਾਬ:  ਝਮਟ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਬਹੁਜਨ ਸਮਾਜ ਪਾਰਟੀ ਦੀ ਇੱਕ ਮੀਟਿੰਗ ਉਂਕਾਰ ਸਿੰਘ ਝਮਟ ਇੰਚਾਰਜ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਵਿੱਚ ਦਲਜੀਤ ਰਾਏ, ਮਨਿੰਦਰ ਸਿੰਘ ਸ਼ੇਰਪੁਰੀ, ਮਹਿੰਦਰ ਸਿੰਘ ਇੰਜੀਨੀਅਰ, ਸੁਖਦੇਵ ਸਿੰਘ ਬਿੱਟਾ, ਡਾ. ਸੰਤੋਖ ਸਿੰਘ, ਨਛੱਤਰ ਸਿੰਘ, ਦਿਨੇਸ਼ ਕੁਮਾਰ ਪੱਪੂ, ਹਰਜੀਤ ਕੁਮਾਰ ਲਾਡੀ ਸ਼ਹਿਰੀ ਜ਼ਿਲਾ ਪ੍ਰਧਾਨ ਤੇ ਪਵਨ ਕੁਮਾਰ ਹਲਕਾ ਪ੍ਰਧਾਨ ਹੁਸ਼ਿਆਰਪੁਰ ਤੇ ਮਦਨ ਸਿੰਘ ਬੈਂਸ ਇੰਚਾਰਜ ਜ਼ਿਲਾ ਹੁਸ਼ਿਆਰਪੁਰ ਸਮੇਤ ਭਾਰੀ ਗਿਣਤੀ ਵਿੱਚ ਬਸਪਾ ਵਰਕਰਾਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਪੰਜਾਬ ਸੁਖਦੇਵ ਸਿੰਘ ਭੌਰ ਵੱਲੋਂ ਦਲਿਤ ਸਮਾਜ ਦੇ ਮਹਾਂ ਪੁਰਸ਼ ਸੰਤ ਰਾਮਾਨੰਦ ਬਾਰੇ ਕੀਤੀ ਭੱਦੀ ਟਿੱਪਣੀ ਅਤੇ ਅਪਸ਼ਬਦ ਕਹੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸ. ਉਂਕਾਰ ਸਿੰਘ ਝਮਟ ਨੇ ਕਿਹਾ ਕਿ ਜਥੇਦਾਰ ਸੁਖਦੇਵ ਸਿੰਘ ਭੌਰ ਵੱਲੋਂ ਦਲਿਤ ਸਮਾਜ ਦੇ ਮਹਾਂ-ਪੁਰਸ਼ਾਂ ਬਾਰੇ ਬੋਲੀ ਗੈਰ ਸੰਵਿਧਾਨਿਕ ਸ਼ਬਦਾਵਲੀ ਨੇ ਸਿੱਧ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਰਵੱਈਆ ਦਲਿਤਾਂ ਪ੍ਰਤੀ ਅਪਮਾਨ ਜਨਕ ਹੈ।
ਝਮਟ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਵੱਲੋਂ ਵਰਤੀ ਸ਼ਬਦਾਵਲੀ ਸਿੱਖ ਸਿਧਾਂਤਾਂ ਦੇ ਵੀ ਵਿਰੁੱਧ ਹੈ। ਦਸ ਗੁਰੂਆਂ ਨੇ ਹਮੇਸ਼ਾ ਗਰੀਬ, ਨਿਮਾਣੇ ਤੇ ਦਲਿਤ ਸਮਾਜ ਦਾ ਸਤਿਕਾਰ ਤੇ ਮਾਣ ਕੀਤਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਜਨ ਸਮਾਜ ਦੇ ਮਹਾਂਪੁਰਸ਼ਾਂ ਨੂੰ ਵੀ ਬਰਾਬਰ ਦਾ ਸਤਿਕਾਰ ਦਿੱਤਾ ਹੈ। ਭੌਰ ਵਰਗੇ ਵਿਅਕਤੀ ਨੂੰ ਪੰਥ ਵਿੱਚ ਰਹਿਣ ਦਾ ਵੀ ਕੋਈ ਨੈਤਿਕ ਹੱਕ ਨਹੀਂ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਨੂੰ ਵੀ ਭੌਰ ਖ਼ਿਲਾਫ਼ ਐਕਸ਼ਨ ਲੈ ਕੇ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ। ਬਸਪਾ ਨੇਤਾਵਾਂ ਨੇ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿਹਾ ਕਿ ਸੁਖਦੇਵ ਸਿੰਘ ਭੋਰ ਵਰਗੇ ਵਿਅਕਤੀ ਨੂੰ ਜੋ ਕਿ ਦਲਿਤ ਵਿਰੋਧੀ ਮਾਨਸਿਕਤਾ ਰੱਖਦਾ ਹੈ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਜੇਕਰ ਕੇਂਦਰੀ ਲੀਡਰਸ਼ਿਪ ਨੇ ਭੋਰ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਤਾਂ ਸਮਝਿਆਂ ਜਾਵੇਗਾ ਕਿ  ਕੇਂਦਰੀ ਲੀਡਰਸ਼ਿਪ ਵੀ ਭੋਰ ਦੇ ਬਿਆਨ ਨਾਲ ਸਹਿਮਤ ਹੈ। ਬਸਪਾ ਨੇਤਾਵਾਂ ਨੇ ਪੰਜਾਬ ਸਰਕਾਰ ਵੱਲੋਂ ਭੋਰ ਖ਼ਿਲਾਫ਼ ਕੀਤੀ ਕਾਰਵਾਈ ਦੀ ਪ੍ਰਸੰਸਾ ਕੀਤੀ ਤੇ ਮੰਗ ਕੀਤੀ ਕਿ ਇਸ ਦੇ ਖ਼ਿਲਾਫ਼ ਐੱਸ. ਸੀ./ ਐੱਸ ਟੀ ਐਕਟ ਤਹਿਤ ਵੀ ਪਰਚਾ ਦਰਜ਼ ਕੀਤਾ ਜਾਵੇ।

 

LEAVE A REPLY

Please enter your comment!
Please enter your name here