ਬੱਚਿਆਂ ਨੂੰ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਦਿੱਤੀ ਜਾ ਰਹੀ ਹੈ ਅਲਬੈਂਡਾਜੋਲ ਦਵਾਈ: ਡਾ.ਗੋਜਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ: ਗੁਰਜੀਤ ਸੋਨੂੰ। ਰਾਸ਼ਟਰੀ ਪੇਟ-ਕੀੜੇ ਮੁਕਤੀ ਦਿਵਸ ਮੌਕੇ 1 ਤੋਂ 19 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਅਲਬੈਂਡਾਜੋਲ ਦਵਾਈ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਮੁਫ਼ਤ ਦਿੱਤੀ ਗਈ।  ਇਸਦੇ ਤਹਿਤ ਬਲਾਕ ਚੱਕੋਵਾਲ ਵੱਲੋਂ ਜਾਗਰੂਕਤਾ ਪ੍ਰੋਗਰਾਮ ਸਰਕਾਰੀ ਹਾਈ ਸਕੂਲ ਨੰਦਾਚੌਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਓ.ਪੀ. ਗੋਜਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਮੁੱਖਅਧਿਆਪਿਕਾ ਸੁਰਜੀਤ ਕੌਰ ਦੀ ਅਗਵਾਈ ਹੇਠ ਸਕੂਲ ਦੇ ਸਮੂਹ ਹਾਜ਼ਰ ਵਿਦਿਆਰਥੀਆਂ ਨੂੰ ਪੇਟ ਦੇ ਕੀੜੇ ਖਤਮ ਕਰਨ ਲਈ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਿਲਾਈਆਂ ਗਈਆਂ। ਜਾਗਰੂਕਤਾ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ. ਓ.ਪੀ. ਗੋਜਰਾ ਨੇ ਦੱਸਿਆ ਕਿ ਕਿਸ਼ੋਰ ਅਵਸਥਾ ਦੌਰਾਨ ਬੱਚਿਆਂ ਵਿੱਚ ਖੂਨ ਦੀ ਕਮੀ ਹੋਣਾ ਅਕਸਰ ਦੇਖਿਆ ਗਿਆ ਹੈ। ਇਸਦਾ ਪਹਿਲਾ ਕਾਰਣ ਸੰਤੁਲਿਤ ਭੋਜਨ ਦੀ ਕਮੀ ਹੈ ਅਤੇ ਜੇ ਬੱਚੇ ਸੰਤੁਲਿਤ ਭੋਜਨ ਖਾਂਦੇ ਵੀ ਹੋਣ ਤੇ ਕਈ ਵਾਰ ਪੇਟ ਵਿੱਚ ਕੀੜੇ ਹੋਣ ਕਰਕੇ ਇਹ ਭੋਜਨ ਉਹਨਾਂ ਦੇ ਸ਼ਰੀਰ ਨੂੰ ਨਹੀਂ ਲਗਦਾ ਜਿਸ ਕਾਰਣ ਉਹ ਖੂਨ ਦੀ ਕਮੀ, ਕਮਜ਼ੋਰੀ ਅਤੇ ਹੋਰ ਬੀਮਾਰੀਆਂ ਤੋਂ ਗ੍ਰਸਤ ਹੋ ਜਾਂਦੇ ਹਨ।

Advertisements

ਆਮ ਤੌਰ ਤੇ ਬੱਚਿਆਂ ਦਾ ਮਿੱਟੀ ਵਿੱਚ ਖੇਡਣ ਕਾਰਣ, ਨੌਹਾਂ ਰਾਹੀਂ, ਨੰਗੇ ਪੈਰ ਘੁੰਮਣ ਕਾਰਣ ਅਤੇ ਬਿਨਾਂ ਹੱਥ ਧੋਤੇ ਖਾਣਾ ਖਾਣ ਨਾਲ ਪੇਟ ਵਿੱਚ ਕੀੜੇ ਚੱਲੇ ਜਾਂਦੇ ਹਨ। ਜਿਨਾਂ ਬੱਚਿਆਂ ਨੂੰ ਪੇਟ ਦੇ ਕੀੜਿਆਂ ਦਾ ਸੰਕਰਮਣ ਹੋਵੇ, ਉਨਾਂ ਵਿੱਚ ਕੀੜਿਆਂ ਦੇ ਅੰਡੇ ਜਾਂ ਲਾਰਵਾ ਰਹਿੰਦੇ ਹਨ ਅਤੇ ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ।  ਇਹਨਾਂ ਬੱਚਿਆਂ ਵਿੱਚ ਖੂਨ ਦੀ ਕਮੀ ਹੋਣ ਦੇ ਨਾਲ ਨਾਲ ਕੁਪੋਸ਼ਣ, ਭੁੱਖ ਨਾ ਲੱਗਣਾ, ਥਕਾਵਟ, ਬੇਚੈਨੀ, ਪੇਟ ਵਿੱਚ ਦਰਦ, ਉਲਟੀ, ਦਸਤ ਜਾਂ ਫਿਰ ਟੱਟੀ ਵਿੱਚ ਖੂਨ ਆਉਣਾ ਵਰਗੇ ਲੱਛਣ ਆਮ ਤੌਰ ਤੇ ਪਾਏ ਜਾਂਦੇ ਹਨ। ਬੱਚਿਆਂ ਦੀ ਨਰੋਈ ਸਿਹਤ ਨੂੰ ਵਿਚਾਰਦੇ ਹੋਏ ਸਿਹਤ ਵਿਭਾਗ ਵੱਲੋਂ 1 ਤੋਂ 19 ਸਾਲ ਦੇ ਸਾਰੇ ਬੱਚਿਆਂ ਨੂੰ ਆਂਗਨਵਾੜੀ ਕੇਂਦਰਾਂ ਅਤੇ ਸਕੂਲਾਂ ਵਿੱਚ ਅਲਬੈਂਡਾਜੋਲ ਦੀ ਦਵਾਈ ਦਿੱਤੀ ਜਾ ਰਹੀ ਹੈ ਤਾਂ ਜੋਂ ਬੱਚੇ ਪੇਟ ਦੇ ਕੀੜਿਆਂ ਕਾਰਣ ਪੈਦਾ ਹੋਈ ਖੂਨ ਦੀ ਕਮੀ ਤੋਂ ਸੁਰੱਖਿਅਤ ਰਹਿ ਸਕਣ, ਉਹਨਾਂ ਨੂੰ ਬਿਹਤਰ ਪੋਸ਼ਣ ਪੱਧਰ ਦਾ ਫਾਇਦਾ ਮਿਲੇ ਅਤੇ ਉਹਨਾਂ ਦੀ ਇੰਮੂਨਿਟੀ ਵਧਾਉਣ ਵਿੱਚ ਮਦਦ ਮਿਲ ਸਕੇ।ਉਹਨਾਂ ਜਾਣਕਾਰੀ ਦਿੱਤੀ ਕਿ ਜਿਨਾਂ ਬੱਚਿਆਂ ਦੇ ਪੇਟ ਵਿੱਚ ਜ਼ਿਆਦਾ ਕੀੜੇ ਹੁੰਦੇ ਹਨ, ਉਹਨਾਂ ਨੂੰ ਦਵਾਈ ਲੈਣ ਮਗਰੋਂ ਹਲਕਾ ਪੇਟ ਦਰਦ, ਉਲਟੀ ਜਾਂ ਥਕਾਵਟ ਮਹਿਸੂਸ ਹੋ ਸਕਦੀ ਹੈ। ਇਹ ਦੁਰਪ੍ਰਭਾਵ ਆਰਜ਼ੀ ਹੁੰਦੇ ਹਨ। ਅਲਬੈਂਡਾਜ਼ੋਲ ਆਸਾਨੀ ਨਾਲ ਚਬਾ ਕੇ ਖਾਣ ਵਾਲੀ ਗੋਲੀ ਹੈ, ਜੋ ਕਿ ਬੱਚਿਆਂ ਅਤੇ ਵੱਡਿਆਂ ਦੋਹਾਂ ਲਈ ਸੁਰੱਖਿਅਤ ਹੈ। ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਜਿਹੜੇ ਬੱਚੇ ਅੱਜ ਕਿਸੇ ਕਾਰਣ ਕਰਕੇ ਦੁਆਈ ਨਹੀਂ ਖਾ ਸਕੇ ਉਹਨਾਂ ਨੂੰ 17 ਅਗਸਤ ਦੇ ਮੌਪ ਅੱਪ ਡੇ ਤੇ ਦੁਆਈ ਦਿੱਤੀ ਜਾਵੇਗੀ। 

ਬੀ.ਈ.ਈ. ਰਮਨਦੀਪ ਕੌਰ ਨੇ ਦੱਸਿਆ ਕਿ ਪੇਟ ਦੇ ਕੀੜੇ ਮਾਰਨ ਦੀ ਦਵਾਈ ਖਾਣ ਦੇ ਨਾਲ ਹੀ ਕੀੜਿਆਂ ਦੀ ਰੋਕਥਾਮ ਲਈ ਹੋਰ ਕਈ ਮਹੱਤਵਪੂਰਣ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ। ਖਾਣਾ ਖਾਣ ਤੋਂ ਪਹਿਲਾਂ ਜਾਂ ਸ਼ੌਚਾਲੇ ਜਾਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਧੋਣਾ ਚਾਹੀਦਾ ਹੈ ਅਤੇ ਹੱਥਾਂ ਦੇ ਨਹੁੰਆਂ ਨੂੰ ਕੱਟ ਕੇ ਰੱਖਣਾ ਚਾਹੀਦਾ ਹੈ ਤਾਂ ਕਿ ਹੱਥ ਪੂਰੀ ਤਰਾ ਕੀਟਾਣੂ ਮੁਕਤ ਹੋ ਜਾਣ। ਜੇਕਰ ਹੱਥਾਂ ਅਤੇ ਨਹੁੰਆਂ ਦੀ ਸਾਫ ਸਫਾਈ ਨਾ ਰੱਖੀ ਜਾਵੇ ਤਾਂ ਇਹ ਕੀਟਾਣੂ ਪੇਟ ਅੰਦਰ ਚਲੇ ਜਾਂਦੇ ਹਨ। ਆਪਣੀ ਸਾਫ ਸਫਾਈ ਦੇ ਨਾਲ ਨਾਲ ਫਲਾਂ ਅਤੇ ਸਬਜੀਆਂ ਨੂੰ ਸੇਵਨ ਤੋਂ ਪਹਿਲਾਂ ਚੰਗੀ ਤਰ•ਾਂ ਧੋ ਲੈਣਾ ਚਾਹੀਦਾ ਹੈ ਤੇ ਦੂਸ਼ਿਤ ਪਾਣੀ ਤੋਂ ਵੀ ਪਰਹੇਜ ਕਰਨਾ ਚਾਹੀਦਾ ਹੈ। ਹਮੇਸ਼ਾਂ ਸਾਫ ਪਾਣੀ ਪੀਓ, ਖਾਣੇ ਨੂੰ ਢੱਕ ਕੇ ਰੱਖੋ, ਆਸ ਪਾਸ ਦੀ ਸਫਾਈ ਰੱਖੋ, ਜੁੱਤੀਆਂ ਜਾਂ ਚੱਪਲਾਂ ਪਾ ਕੇ ਰੱਖੋ ਅਤੇ ਹਮੇਸ਼ਾਂ ਸ਼ੌਚਾਲੇ ਦੀ ਵਰਤੋ ਕਰੋ। ਇਸ ਮੌਕੇ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਬਲਪ੍ਰੀਤ ਕੌਰ, ਪਰਮਜੀਤ ਕੌਰ ਐਲ.ਐਚ.ਵੀ., ਸਟਾਫ਼ ਨਰਸ ਹਰਪ੍ਰੀਤ ਕੌਰ, ਤੇ ਆਸ਼ਾ ਵਰਕਰ ਤੋਂ ਇਲਾਵਾ ਸਕੂਲ ਦੇ ਸਟਾਫ਼ ਮੈਂਬਰਾਂ ਹਾਜ਼ਰ ਸਨ। 

LEAVE A REPLY

Please enter your comment!
Please enter your name here