ਬੈਚ ਨੰਬਰ 249 ਦੇ 163 ਪੁਰਸ਼ ਸਿਖਿਆਰਥੀਆਂ ਨੇ ਪ੍ਰਾਪਤ ਕੀਤੀ 44 ਹਫਤਿਆਂ ਦੀ ਸਖਤ ਸਿਖਲਾਈ 

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੀਮਾ ਸੁਰੱਖਿਆ ਬੱਲ ਦੇ ਟਰੇਨਿੰਗ ਸੈਂਟਰ ਖੜਕਾਂ ਵਿਖੇ ਬੈਚ ਨੰਬਰ 249 ਦੀ ਪਾਸਿੰਗ ਆਊਟ ਪਰੇਡ ਹੋਈ, ਜਿਸ ਵਿੱਚ ਬੈਚ ਨੰਬਰ 249 ਦੇ 163 ਪੁਰਸ਼ ਸਿਖਿਆਰਥੀਆਂ ਨੇ ਪਾਸਿੰਗ ਆਊਟ ਪਰੇਡ ਦੌਰਾਨ ਸਹੁੰ ਚੁੱਕ ਕੇ ਆਪਣੇ ਆਪ ਨੂੰ ਦੇਸ਼ ਲਈ ਸਮਰਪਿਤ ਕਰਨ ਦਾ ਪ੍ਰਣ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਆਈ.ਜੀ. ਮਹੀਪਾਲ ਯਾਦਵ, ਆਈ.ਪੀ.ਐਸ. ਸ਼ਾਮਲ ਹੋਏ ਅਤੇ ਉਹਨਾਂ ਨੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਸ਼ਾਨਦਾਰ ਪਰੇਡ ਤੋਂ ਸਲਾਮੀ ਲਈ। ਇਸ ਮੌਕੇ ਉਹਨਾਂ ਟਰੇਨਿੰਗ ਪ੍ਰਾਪਤ ਕਰ ਚੁੱਕੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਆਪਣੀ ਡਿਊਟੀ ਪੂਰੀ ਮਿਹਨਤ, ਜ਼ਿੰਮੇਵਾਰੀ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਲਈ ਕਿਹਾ। ਉਹਨਾਂ ਕਿਹਾ ਕਿ ਸਿਖਿਆਰਥੀਆਂ ਨੇ ਪਾਸਿੰਗ ਆਊਟ ਪਰੇਡ ਵਿੱਚ ਆਪਣੀ ਸਿਖਲਾਈ ਦੌਰਾਨ ਪ੍ਰਾਪਤ ਕੀਤੀ ਮੁਹਾਰਤ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ।

Advertisements

ਉਹਨਾਂ ਦੱਸਿਆ ਕਿ ਇਨਾਂ ਨੂੰ 44 ਹਫਤਿਆਂ ਦੀ ਹਥਿਆਰ ਚਲਾਉਣਾ, ਯੁੱਧ ਕਲਾ, ਡਰਿੱਲ, ਸੀਮਾ ਦੀ ਨਿਗਰਾਨੀ, ਕੁਦਰਤੀ ਆਫਤਾਂ, ਫਸਟ ਏਡ ਅਤੇ ਮਨੁੱਖੀ ਅਧਿਕਾਰਾਂ ਆਦਿ ਸਬੰਧੀ ਸਖਤ ਸਿਖਲਾਈ ਦਿੱਤੀ ਗਈ ਹੈ। ਸਿਖਲਾਈ ਦੌਰਾਨ ਇਹਨਾਂ ਸਿਖਿਆਰਥੀਆਂ ਨੂੰ ਆਤਮ ਨਿਰਭਰ, ਅਨੁਸ਼ਾਸ਼ਨ ਵਿੱਚ ਰਹਿਣ ਅਤੇ ਮਾਨਸਿਕ ਤੌਰ ‘ਤੇ ਮਜਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ, ਤਾਂ ਜੋ ਉਹ ਆਪਣੀ ਡਿਊਟੀ ਦੌਰਾਨ ਅਣ-ਸੁਖਾਵੇਂ ਹਾਲਾਤ ਦਾ ਸਾਹਮਣਾ ਮਜ਼ਬੂਤੀ ਨਾਲ ਕਰ ਸਕਣ। ਇਸ ਮੌਕੇ ਉਹਨਾਂ ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਿਆਂ ਵਿੱਚ ਅਵੱਲ ਰਹਿਣ ਵਾਲੇ ਪੁਰਸ਼ ਸਿਖਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਇਹਨਾਂ ਵਿੱਚ ਯੂ.ਪੀ. ਦੇ ਚੰਦਨ ਗੋਸਵਾਮੀ ਓਵਰ ਆਲ ਪਹਿਲੇ ਸਥਾਨ ‘ਤੇ ਰਹੇ, ਜਦਕਿ ਕਰਨਾਟਕਾ ਦੇ ਸਤੀਸ਼ ਦੂਸਰੇ ਸਥਾਨ ‘ਤੇ ਰਹੇ। ਯੂ.ਪੀ. ਦੇ ਚੰਦਰ ਗੋਸਵਾਮੀ ਨੂੰ ‘ਬੈਸਟ ਇਨ ਐਂਡੂਰੈਂਸ’ ਅਤੇ ਉਤਰਾਖੰਡ ਦੇ ਸ਼ੁੱਭਮ ਨੂੰ ‘ਬੈਸਟ ਇਨ ਫਾਇਰਿੰਗ’ ਲਈ ਚੁਣਿਆ ਗਿਆ, ਜਦਕਿ ‘ਬੈਸਟ ਇਨ ਡਰਿੱਲ’ ਵਿੱਚ ਸਤੀਸ਼ ਅਵੱਲ ਰਿਹਾ।

ਇਸ ਦੌਰਾਨ ਸਿਖਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਤੋਂ ਇਲਾਵਾ ਵੱਖ-ਵੱਖ ਗਤੀਵਿਧੀਆਂ ਵੀ ਪੇਸ਼ ਕੀਤੀਆਂ ਗਈਆਂ। ਕਾਰਜਕਾਰੀ ਕਮਾਂਡੈਂਟ ਬੀ.ਐਸ.ਐਫ. ਖੜਕਾਂ ਕਮਲ ਭਗਤ,  ਸੈਕੰਡ ਇਨ ਕਮਾਂਡ ਵਿਕਾਸ ਸੰਦਰਿਆਲ ਅਤੇ ਡਿਪਟੀ ਕਮਾਂਡੈਂਟ ਰਾਹੁਲ ਸਿੰਘ ਦੀ ਅਗਵਾਈ ਵਿੱਚ ਪਰੇਡ ਦੀ ਸ਼ਾਨਦਾਰ ਤਿਆਰੀ ਕਰਵਾਈ ਗਈ ਸੀ। ਇਸ ਮੌਕੇ ਡਾ. ਸ਼ਲਿੰਦਰ ਕੌਰ, ਡਿਪਟੀ ਕਮਾਂਡੈਂਟ ਆਸ਼ੂ ਰੰਜਨ ਰਾਏ,  ਅਰਵਿੰਦ ਬਿਆਲਾ,  ਸੁਰਿੰਦਰ ਪਾਲ, ਹਿੰਗਲਾਜ ਦਾਨ ਤੋਂ ਇਲਾਵਾ ਅਨੁਜ ਗੌੜ, ਡਾ. ਅੰਜਨਾ ਕਲਸੀ ਅਤੇ ਹੋਰ ਵੀ ਅਧਿਕਾਰੀ ਤੇ ਸਿਖਿਆਰਥੀਆਂ ਦੇ ਪਰਿਵਾਰਕ ਮੈਂਬਰ ਮੌਜੂਦ ਸਨ। ਟਰੇਨਿੰਗ ਪ੍ਰਾਪਤ ਕਰਨ ਵਾਲੇ 163 ਨੌਜਵਾਨਾਂ ਵਿੱਚ ਕਰਨਾਟਕਾ ਦੇ 54, ਰਾਜਸਥਾਨ ਦੇ 31, ਉਤਰ ਪ੍ਰਦੇਸ਼ ਦੇ 18, ਅਸਾਮ ਦੇ 4, ਮਨੀਪੁਰ ਦਾ 1, ਬਿਹਾਰ ਦੇ 12, ਗੁਜਰਾਤ ਦਾ 1, ਹਰਿਆਣਾ ਦੇ 3, ਹਿਮਾਚਲ ਪ੍ਰਦੇਸ਼ ਦਾ 1, ਜੰਮੂ-ਕਸ਼ਮੀਰ ਦੇ 5, ਕੇਰਲਾ ਦੇ 3, ਮੱਧ ਪ੍ਰਦੇਸ਼ ਦਾ 1, ਮਹਾਰਾਸ਼ਟਰਾ ਦੇ 3, ਪੰਜਾਬ ਦਾ 1, ਤਾਮਿਲਨਾਡੂ ਦਾ 1, ਬੈਸਟ ਬੰਗਾਲ ਦੇ 9, ਤ੍ਰਿਪੁਰਾ ਦਾ 1, ਉਤਰਾਖੰਡ ਦੇ 3, ਆਂਧਰਾ ਪ੍ਰਦੇਸ਼ ਤੇ ਛਤੀਸਗੜ ਦੇ 1-1 ਅਤੇ ਹਰਿਆਣਾ ਦੇ 9 ਸਿਖਿਆਰਥੀ ਸ਼ਾਮਲ ਸਨ। 

LEAVE A REPLY

Please enter your comment!
Please enter your name here