ਪਾਣੀ ਦੀ ਬਚਤ ਲਈ ਝੋਨੇ ਦੀ ਸਿੱਧੀ ਬਿਜਾਈ ਲਾਹੇਵੰਦ:  ਭੂਮੀ ਰੱਖਿਆ ਅਫਸਰ 

ਦਸੂਹਾ (ਦ ਸਟੈਲਰ ਨਿਊਜ਼)। ਕਿਸਾਨ ਭਲਾਈ ਅਤੇ ਖੇਤੀਬਾੜੀ ਵਿਭਾਗ ਪੰਜਾਬ, ਬਲਾਕ ਦਸੂਹਾ ਵਲੋਂ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਡਾ. ਦਲਬੀਰ ਸਿੰਘ ਛੀਨਾ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਗਾਲੋਵਾਲ, ਮਾਂਗਟ, ਚਨੋਤਾ, ਗੰਗੀਆਂ, ਲੰਗਰਪੁਰ ਦੇ ਕਿਸਾਨਾਂ ਨਾਲ ਮਿਲ ਕੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ ਹੈ। ਇਸੇ ਸਬੰਧ ਵਿੱਚ ਭੂਮੀ ਰੱਖਿਆ ਅਫਸਰ ਡਾ. ਅਮਰਜੀਤ ਸਿੰਘ, ਪੈਪਸੀਕੋ ਇੰਡੀਆ ਟੀਮ ਵਲੋਂ ਡਾ. ਨਵਯੁਗ ਰੋਹੇਲਾ, ਡਾ. ਵਿਸ਼ਾਲ ਸਿੰਘ, ਡਾ. ਅਨਿਰੁਧ ਸਿੰਘ ਤੇ ਦਲਜੀਤ ਸਿੰਘ ਨਾਲ ਮਿਲ ਕੇ ਖੇਤੀਬਾੜੀ ਵਿਕਾਸ ਅਫਸਰ ਯਸ਼ਪਾਲ ਨੇ ਪਿੰਡ ਗਾਲੋਵਾਲ ਦੇ ਦਲਜੀਤ ਸਿੰਘ ਚੀਮਾ ਦੇ ਖੇਤਾਂ ਦਾ ਦੌਰਾ ਕੀਤਾ।

Advertisements

ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਰਵਾਇਤੀ ਢੰਗ ਨਾਲ ਲੁਆਈ ਕਰਨ ਦੀ ਬਜਾਏ ਡਰਿੱਲ ਨਾਲ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ, ਜਿਸ ਨਾਲ ਜਿੱਥੇ ਕਿਸਾਨ ਦਾ ਕੱਦੂ ਕਰਨ ਅਤੇ ਲੁਆਈ ਲਈ ਲੇਬਰ ਦੇ ਖਰਚੇ ਦੀ ਬਚਤ ਹੁੰਦੀ ਹੈ ਉੱਥੇ 30 ਪ੍ਰਤੀਸ਼ਤ ਪਾਣੀ ਵੀ ਘੱਟ ਲਗਦਾ ਹੈ। ਉਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ.ਆਰ 126, ਪੀ.ਆਰ 127 ਆਦਿ ਹੀ ਵਰਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਬਿਜਾਈ ਦਰਮਿਆਨੀਆਂ ਤੋਂ ਭਾਰੀਆਂ ਜਮੀਨਾਂ ਵਿੱਚ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਛੋਟੇ ਤੱਤਾਂ ਦੀ ਘਾਟ ਤੋਂ ਬਚਿਆ ਜਾ ਸਕੇ। ਬਿਜਾਈ ਲਈ ਪ੍ਰਤੀ ਏਕੜ 8 ਤੋਂ 10 ਕਿੱਲੋਗਰਾਮ ਨਿਰੋਗ ਬੀਜ ਦੀ ਵਰਤੋਂ ਕਰਨੀ ਚਾਹੀਦੀ ਹੈ।

ਉਹਨਾਂ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕ ਦਵਾਈ ਸਪਰੇ ਕਰਨ ਸਬੰਧੀ ਵਿਸਥਾਰ ਵਿੱਚ ਨੁਕਤੇ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਬਿਜਾਈ ਲਈ ਇੱਕ ਡਰਿੱਲ ਖੇਤੀਬਾੜੀ ਵਿਭਾਗ ਅਤੇ ਇੱਕ ਡਰਿਲ ਪੈਪਸੀ ਕੰਪਨੀ ਵਲੋਂ ਕਿਸਾਨਾਂ ਨੂੰ ਬਿਨਾਂ ਕਿਸੇ ਖਰਚੇ ਤੋਂ ਦਿੱਤੀ ਜਾਂਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿੱਧੀ ਬਿਜਾਈ ਦਾ ਢੰਗ ਅਪਣਾ ਕੇ ਆਪਣੀ ਖੇਤੀ ਆਮਦਨ ਵਿੱਚ ਵਾਧਾ ਕਰਨ।

LEAVE A REPLY

Please enter your comment!
Please enter your name here