ਹੁਸ਼ਿਆਰਪੁਰ ਫਿਰ ਅੱਗੇ: ਪਿੰਡ ਟੋਡਰਪੁਰ ਨੂੰ ਮਿਲੇਗਾ ਰਾਜਪਾਲ ਸਰਵੋਤਮ ਪਿੰਡ ਪੁਰਸਕਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੀ.ਏ.ਯੂ. ਕਿਸਾਨ ਮੇਲੇ ਤੇ ਹਰ ਵਾਰ ਪੰਜਾਬ ਦੇ ਕਿਸੇ ਅਗਾਂਹਵਧੂ ਪਿੰਡ ਨੂੰ ਰਾਜਪਾਲ ਪੰਜਾਬ ਸਰਵੋਤਮ ਪਿੰਡ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ । ਇਸ ਵਾਰ ਇਸ ਪੁਰਸਕਾਰ ਲਈ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿੱਚ ਸਥਿਤ ਟੋਡਰਪੁਰ ਪਿੰਡ ਦੀ ਚੋਣ ਕੀਤੀ ਗਈ ਹੈ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਦੱਸਿਆ ਕਿ ਟੋਡਰਪੁਰ ਨੇ ਅਗਾਂਹਵਧੂ ਪਿੰਡ ਵਜੋਂ ਆਪਣੀ ਪਹਿਚਾਣ ਬਣਾਈ ਹੈ । 433 ਘਰਾਂ ਵਾਲੇ ਇਸ ਛੋਟੇ ਜਿਹੇ ਪਿੰਡ ਵਿੱਚ ਖੇਤੀ ਕਰਨ ਵਾਲੇ 100 ਪਰਿਵਾਰ ਹਨ, ਜਿਹਨਾਂ ਵਿੱਚੋਂ 60 ਛੋਟੇ, 20 ਦਰਮਿਆਨੇ ਅਤੇ 20 ਵੱਡੇ ਕਿਸਾਨ ਹਨ। ਇਹਨਾਂ ਕਿਸਾਨਾਂ ਨੇ ਕਣਕ-ਝੋਨੇ ਤੋਂ ਇਲਾਵਾ ਡੇਅਰੀ ਫਾਰਮਿੰਗ ਅਤੇ ਸਹਾਇਕ ਧੰਦਿਆਂ ਨੂੰ ਵੀ ਘਰੇਲੂ ਤੌਰ ਤੇ ਅਪਣਾਇਆ ਹੋਇਆ ਹੈ। ਇਸ ਪਿੰਡ ਵਿੱਚ
ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੀ ਮਦਦ ਨਾਲ 8 ਸਿਖਲਾਈ ਕੈਂਪ, 12 ਗਰੁੱਪ ਮੀਟਿੰਗਾਂ, 2 ਖੇਤ ਦਿਵਸ, 6 ਜਾਗਰੂਕਤਾ ਮੁਹਿੰਮ, 12 ਕਿਸਾਨ ਤੇ ਵਿਗਿਆਨੀਆਂ ਦੇ ਅੰਤਰ-ਸੰਵਾਦ, 35 ਹਾੜ ਅਤੇ 10 ਸਾਉਣੀ ਦੀਆਂ ਖੇਤ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਪਿੰਡ ਵਿੱਚੋਂ 57 ਮਿੱਟੀ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਮਿਟੀ ਸਿਹਤ ਦੇ ਕਾਰਡ ਬਣਾਏ ਗਏ। ਪਿੰਡ ਵਿੱਚ ਜਨੋਪਯੋਗੀ ਸੇਵਾਵਾਂ ਦੇ ਤੌਰ ਤੇ 75 ਸਬਜ਼ੀਆਂ ਦੀਆਂ ਕਿੱਟਾਂ, 40 ਫਲਾਂ ਵਾਲੇ ਬੂਟੇ, 15 ਕੁਇੰਟਲ ਝੋਨੇ ਅਤੇ 70 ਕੁਇੰਟਲ ਕਣਕ ਦੇ ਬੀਜ ਮੁਹੱਈਆ ਕੀਤੇ ਗਏ।ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਪ੍ਰਦਾਨ ਕਰਨ ਲਈ ਪਿੰਡ ਵਿੱਚ ਖੇਤੀ ਸਾਹਿਤ ਵੀ ਵੰਡਿਆ ਗਿਆ। ਪਿੰਡ ਵਿੱਚ ਕੇ.ਵੀ.ਕੇ. ਹੁਸ਼ਿਆਰਪੁਰ ਦੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਕਿਸਾਨਾਂ ਨੇ ਸਿਫਾਰਿਸ਼ ਕਿਸਮਾਂ, ਖੇਤੀ ਵਿਭਿੰਨਤਾ, ਲੇਜ਼ਰ ਲੈਵਿਲਿੰਗ, ਪਰਾਲੀ ਦੀ ਸਾਂਭ-ਸੰਭਾਲ ਅਤੇ ਸੰਯੁਕਤ ਕੀਟ ਪ੍ਰਬੰਧਨ ਅਪਣਾ ਕੇ 20 ਪ੍ਰਤੀਸ਼ਤ ਤੋਂ ਲੈ ਕੇ 58 ਪ੍ਰਤੀਸ਼ਤ ਤੱਕ ਬਦਲਾਅ ਲਿਆਂਦਾ,

Advertisements

ਜਿਸ ਨਾਲ ਉਹਨਾਂ ਦੀ ਆਮਦਨ ਵਿੱਚ ਮੁਨਾਫਾ ਹੋਇਆ ਅਤੇ ਖੇਤੀ ਖਰਚ ਵੀ ਘਟੇ। ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਲਗਾਤਾਰ ਜੁੜੇ ਰਹਿਣ ਕਰਕੇ ਪਿੰਡ ਵਿੱਚ ਜਿਥੇ 2013-14 ਵਿੱਚ 2 ਹੈਕਟੇਅਰ ਰਕਬਾ ਹੈਪੀ ਸੀਡਰ ਹੇਠ ਸੀ, ਉਹ 2018-19 ਵਿੱਚ ਵੱਧ ਕੇ 43.2 ਹੈਕਟੇਅਰ ਹੋ ਗਿਆ।  ਇਸੇ ਤਰਾਂ ਝੋਨੇ ਦੀ ਪਰਾਲੀ ਦੇ ਪ੍ਰਬੰਧ ਲਈ ਵੀ ਵੱਖ-ਵੱਖ ਢੰਗਾਂ ਦੀ ਵਰਤੋਂ ਕੀਤੀ ਗਈ ਜਿਵੇ ਕਿ 50 ਪ੍ਰਤੀਸ਼ਤ ਰਕਬੇ ਲਈ ਬੇਲਰ ਜਾਂ ਨੌਟਰ ਵਰਤਿਆ ਗਿਆ, 31 ਪ੍ਰਤੀਸ਼ਤ ਰਕਬੇ ਵਿੱਚ ਝੋਨੇ ਨੂੰ ਖੇਤ ਵਿੱਚ ਹੀ ਵਾਹਿਆ ਗਿਆ ਅਤੇ 6 ਪ੍ਰਤੀਸ਼ਤ ਰਕਬੇ ਹੇਠਲਾ ਪਰਾਲ ਗੁੱਜਰਾਂ ਨੇ ਆਪਣੇ ਪਸ਼ੂਆਂ ਦੇ ਚਾਰੇ ਲਈ ਵਰਤਿਆ।  ਫ਼ਸਲਾਂ ਨਾਲ ਸੰਬੰਧਿਤ ਅਤੇ ਹੋਰ ਸਹਾਇਕ ਕਿੱਤਿਆਂ ਵਿੱਚ ਸ਼ਲਾਘਾਯੋਗ ਪ੍ਰਾਪਤੀਆਂ ਕਰਨ ਵਾਲੇ ਅਤੇ ਕੁਦਰਤੀ ਸੋਮਿਆਂ ਦੀ ਫਿਕਰ ਕਰਨ ਵਾਲੇ ਇਸ ਪਿੰਡ ਤੋਂ ਹੋਰਨਾਂ ਪਿੰਡਾਂ ਨੂੰ ਪ੍ਰੇਰਿਤ ਹੋਣ ਦੀ ਲੋੜ ਹੈ । ਖੇਤੀ ਉਤਪਾਦਨ ਦੇ ਨਾਲ-ਨਾਲ ਕੁਦਰਤੀ ਸੋਮਿਆਂ ਦੀ ਸੰਭਾਲ ਦੇ ਪੱਖ ਤੋਂ ਇਸ ਪਿੰਡ ਨੇ ਬੇਮਿਸਾਲ ਕੰਮ ਕਰਕੇ ਇਸ ਐਵਾਰਡ ਨੂੰ ਜਿੱਤਿਆ ਹੈ । ਜ਼ਿਕਰਯੋਗ ਹੈ ਕਿ 21-22 ਸਤੰਬਰ ਨੂੰ ਹੋਣ ਵਾਲੇ ਕਿਸਾਨ ਮੇਲੇ ਤੇ ਇਹ ਸਨਮਾਨ ਦਿੱਤਾ ਜਾਵੇਗਾ ।

LEAVE A REPLY

Please enter your comment!
Please enter your name here