ਨਸ਼ੇ ਦੀ ਭੇਂਟ ਚੜਿਆ 23 ਸਾਲਾਂ ਨੌਜਵਾਨ, ਓਵਰਡੋਜ਼ ਕਾਰਨ ਹੋਈ ਮੌਤ

ਤਰਨਤਾਰਨ (ਦ ਸਟੈਲਰ ਨਿਊਜ਼), ਰਿਪੋਰਟ: ਬਲਜੀਤ ਸਿੰਘ। ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੀ ਵਾਰਡ ਨੰਬਰ 8 ਵਿਖੇ 23 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਜਸਬੀਰ ਸਿੰਘ ਉਰਫ ਜੱਜ ਦੇ ਪਿਤਾ ਬਲਵੰਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਜਸਬੀਰ ਸਿੰਘ ਨਸ਼ੇ ਦਾ ਆਦੀ ਸੀ ਜਿਸ ਕਾਰਨ ਉਸ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਹੋ ਗਈ ਹੈ।

Advertisements

ਇਸ ਉਪਰੰਤ ਮ੍ਰਿਤਕ ਨੌਜਵਾਨ ਦੀ ਮਾਤਾ ਅਤੇ ਉਸ ਦੀ ਭੈਣ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਥਾਣਾ ਪੱਟੀ ਸਿਟੀ ਦੀ ਪੁਲਿਸ ਵੀ ਨਸ਼ਾ ਤਸਕਰਾਂ ਨਾਲ ਰਲੀ ਹੋਈ ਹੈ। ਜਿਸ ਕਰਕੇ ਪੱਟੀ ਦੇ ਵਾਰਡ ਨੰਬਰ 8 ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਪਰ, ਥਾਣਾ ਸਿਟੀ ਪੱਟੀ ਪੁਲਿਸ ਨਸ਼ਾ ਤਸਕਰਾਂ ਤੋਂ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੰਦੀ ਹੈ। ਇਸ ਦੌਰਾਨ ਮ੍ਰਿਤਕ ਨੌਜਵਾਨ ਦੀ ਭੈਣ ਨੇ ਪੱਟੀ ਨਾਰ ਕੁੱਟ ਸੈੱਲ ਦੇ ਅਧਿਕਾਰੀਆਂ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੀਤੇ ਦਿਨੀ ਨਾਰ ਕੁੱਟ ਸੈੱਲ ਪੱਟੀ ਵਲੋਂ ਵਾਰਡ ਨੰਬਰ 8 ਵਿੱਚੋਂ ਨਸ਼ਾ ਵੇਚਣ ਵਾਲੇ ਨਾਮੀ ਤਸਕਰ ਨੂੰ ਕਾਬੂ ਕੀਤਾ ਸੀ। ਪਰ, ਉਸ ਤੋਂ ਵੀ 60 ਹਜ਼ਾਰ ਰੁਪਏ ਲੈ ਕੇ ਛੱਡ ਦਿੱਤਾ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਨੇ  ਪੰਜਾਬ ਸਰਕਾਰ ਅਤੇ ਜ਼ਿਲਾ ਤਰਨ ਤਾਰਨ ਦੇ ਐਸ.ਐਸ.ਪੀ. ਤੋਂ ਮੰਗ ਕਰਦੇ ਹੋਏ ਕਿਹਾ ਕਿ ਪੱਟੀ ਦੇ ਵਾਰਡ ਨੰਬਰ 8 ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਪਰ ਪੱਟੀ ਪੁਲਿਸ ਉਹਨਾਂ ਤੇ ਕਾਬੂ ਪਾਉਣ ਵਿੱਚ ਅਸਫ਼ਲ ਦਿਖਾਈ ਦੇ ਰਹੀ ਹੈ। ਜਿਸ ਤੇ ਨਸ਼ੇ ਨੂੰ ਪੱਟੀ ਦੇ ਵਾਰਡ ਨੰਬਰ 8 ਵਿੱਚੋਂ ਬੰਦ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਦਾ ਨੌਜਵਾਨ ਪੁੱਤਰ ਨਸ਼ੇ ਦੀ ਭੇਂਟ ਨਾ ਚੜ ਸਕੇ।

ਉਧਰ, ਇਸ ਸਬੰਧੀ ਥਾਣਾ ਸਿਟੀ ਪੱਟੀ ਪੁਲਿਸ ਦੇ ਐਸ.ਐਚ.ਓ. ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਪੱਟੀ ਪੁਲਿਸ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਬਖਸ਼ਦੀ ਹੈ। ਉਹਨਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਮੌਤ ਕਿਸ ਤਰੀਕੇ ਨਾਲ ਹੋਈ ਹੈ। ਇਸ ਬਾਰੇ ਸਾਨੂੰ ਕੋਈ ਪਤਾ ਨਹੀਂ ਅਤੇ ਨਾ ਹੀ ਸਾਨੂੰ ਅਜੇ ਤੱਕ ਕਿਸੇ ਨੇ ਜਾਣੂ ਕਰਵਾਇਆ।


ਉਧਰ ਦੂਜੇ ਪਾਸੇ ਜਦ ਪੱਟੀ ਨਾਰ ਕੁੱਟ ਸੈੱਲ ਦੇ ਇੰਚਾਰਜ ਸੁਖਰਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਨਾਰਕੋ ਸੈੱਲ ਵਿੱਚ ਅਜੇ ਤੱਕ ਐਸਾ ਕੋਈ ਵੀ ਤਸਕਰ ਨਹੀਂ ਫੜਿਆ ਗਿਆ ਜਿਸ ਦਾ ਮ੍ਰਿਤਕ ਨੌਜਵਾਨ ਦਾ ਪਰਿਵਾਰ ਨਾਮ ਲੈ ਰਿਹਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਪੱਟੀ ਨਾਲ ਕੁੱਟ ਸੈੱਲ ਵਿੱਚ ਚਾਰਜ ਸੰਭਾਲੇ ਨੂੰ ਕੁਝ ਹੀ ਮਹੀਨੇ ਹੋਏ ਹਨ ਅਤੇ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ। ਉਹਨਾਂ ਕਿਹਾ ਕਿ ਜਲਦ ਹੀ ਨਸ਼ਾ ਤਸਕਰਾਂ ਨੂੰ ਫੜਨ ਲਈ ਮੁਹਿੰਮ ਛੇੜੀ ਜਾਵੇਗੀ।

LEAVE A REPLY

Please enter your comment!
Please enter your name here