ਖ਼ਤਰੇ ਤੋਂ ਖ਼ਾਲੀ ਨਹੀਂ ਹੁਸ਼ਿਆਰਪੁਰ-ਊਨਾ ਰੋਡ ਤੇ ਸਫ਼ਰ ਕਰਨਾ, ਲਾਪਰਵਾਹ ਲੋਕ ਨਿਰਮਾਣ ਵਿਭਾਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵਾਹਨ ਚਾਲਕਾਂ ਵੱਲੋਂ ਸੜਕ ਸੁਰੱਖਿਆ ਨਿਯਮਾਂ ਨੂੰ ਅੱਖੋਂ ਪਰੋਖੇ ਕੀਤਾ ਜਾਣਾ ਅਕਸਰ ਖਤਰਨਾਕ ਨਤੀਜਿਆਂ ਨੂੰ ਜਨਮ ਦਿੰਦਾ ਹੈ ਅਤੇ ਬਹੁਤੀ ਵਾਰ ਇਹਨਾਂ ਨਿਯਮਾਂ ਦੀ ਅਣਦੇਖੀ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ। ਪਰ ਜੇਕਰ ਇਹ ਅਣਗਹਿਲੀਆਂ ਲੋਕ ਨਿਰਮਾਣ ਵਰਗੇ ਵੱਡੇ ਵਿਭਾਗ ਵੱਲੋਂ ਜਾਣਬੁੱਝ ਕੇ ਕੀਤੀਆਂ ਗਈਆਂ ਹੋਣ ਤਾਂ ਮਾਮਲਾ ਸੱਚਮੁੱਚ ਹੀ ਗੰਭੀਰ ਹੋ ਜਾਂਦਾ ਹੈ। ਪੰਜਾਬ ਸਰਕਾਰ ਦੇ ਇਸ ਵੱਡੇ ਵਿਭਾਗ ਦੀ ਵੱਡੀ ਲਾਪਰਵਾਹੀ ਕਾਰਣ ਵਾਹਨ ਚਾਲਕਾਂ ਦੇ ਨਾਲ-ਨਾਲ ਸਵਾਰੀਆਂ ਨੂੰ ਵੀ ਆਪਣੀ ਕੀਮਤੀ ਜਾਨ ਤੋਂ ਹੱਥ ਧੋਣਾ ਪੈ ਸਕਦਾ ਹੈ।

Advertisements

ਲੋਕ ਨਿਰਮਾਣ,ਪੁਲਿਸ ਤੇ ਟਰਾਂਸਪੋਰਟ ਵਿਭਾਗ ਖਾਮੋਸ਼!

ਜੀ ਹਾਂ! ਇਹ ਵੱਡੀ ਲਾਪਰਵਾਹੀ ਹੁਸ਼ਿਆਰਪੁਰ-ਊਨਾ ਸਟੇਟ ਹਾਈਵੇਅ ‘ਤੇ ਸਾਹਮਣੇ ਆਈ ਹੈ, ਜਿੱਥੇ ਮੈਦਾਨੀ ਇਲਾਕਾ ਖਤਮ ਹੁੰਦਿਆਂ ਸਾਰ ਹੀ ਪਿੰਡ ਚੱਕ ਸਾਦੂ ਤੋਂ ਪਹਾੜੀ ਇਲਾਕੇ ਦੀ ਪੰਜਾਬ ਦੇ ਹਿੱਸੇ ਵਾਲੀ ਸਾਰੀ ਦੀ ਸਾਰੀ ਸੜਕ ਦਾ ਕਰੀਬ 5 ਕਿਲੋਮੀਟਰ ਦਾ ਹਿੱਸਾ ਪੂਰੀ ਤਰਾਂ ਨਾਲ ਮੌਤ ਦਾ ਖੂਹ ਬਣ ਚੁੱਕਿਆ ਹੈ,ਜੋ ਪਤਾ ਨਹੀਂ ਕਿਹੜੇ ਵੇਲੇ ਅਨਮੋਲ ਕੀਮਤੀ ਜਾਨਾਂ ਨੂੰ ਨਿਗਲ ਲਵੇ। ਕਹਿਣ ਦਾ ਭਾਵ ਇਹ ਹੈ ਕਿ ਇਸ ਸੜਕ ਦੇ ਰੱਖ ਰਖਾਓ ਲਈ ਜ਼ਿੰਮੇਵਾਰ ਲੋਕ ਨਿਰਮਾਣ ਵਿਭਾਗ ਪੂਰੀ ਤਰਾਂ ਨਾਲ ਅੱਖਾਂ ਮੂੰਦ ਕੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ।

-ਖ਼ੂਨੀ ਸੜਕ ਦਾ ਰੂਪ ਧਾਰਣ ਕਰ ਗਿਆ ਪੰਜਾਬ ਵਾਲਾ ਪਹਾੜੀ ਹਿੱਸਾ

ਦੋ ਰਾਜਾਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਨੂੰ ਆਪਸ ਵਿੱਚ ਜੋੜਨ ਵਾਲੇ ਇਸ ਸਭ ਤੋਂ ਮੱਹਤਵਪੂਰਣ ਸਟੇਟ ਹਾਈਵੇਅ ਦੀ ਕਿਸੇ ਵੀ ਸਰਕਾਰ ਨੇ ਕੋਈ ਸਾਰ ਨਹੀਂ ਲਈ। ਪਿਛਲੇ ਕਈ ਸਾਲਾਂ ਤੋਂ ਇਸ ਸੜਕ ਦੀ ਚੌੜਾਈ ਬਿਲਕੁਲ ਵੀ ਵਧਾਈ ਨਹੀਂ ਗਈ ਜਦਕਿ ਟਰੈਫਿਕ ਕਈ ਗੁਣਾ ਜ਼ਿਆਦਾ ਵੱਧ ਚੁੱਕਾ ਹੈ। ਇੱਥੋਂ ਤੱਕ ਕਿ ਹਿਮਾਚਲ ਦੀ ਹੱਦ ਤੱਕ ਪੰਜਾਬ ਦੇ ਹਿੱਸੇ ਆਉਂਦੀ ਸੜਕ ਦਾ 5-6 ਕਿਲੋਮੀਟਰ ਤੱਕ ਦਾ ਹਿੱਸਾ ਬਰਸਾਤਾਂ ਕਾਰਣ ਬੇਹੱਦ ਨੁਕਸਾਨਿਆ ਜਾ ਚੁੱਕਾ ਹੈ। ਰੇਤਲੀ ਪਹਾੜੀ ਖਿੱਤਾ ਹੋਣ ਕਾਰਣ ਬਰਸਾਤੀ ਮੌਸਮ ਵਿੱਚ ਸੜਕ ਦੇ ਬਰਮ ਕਾਫੀ ਹੱਦ ਤੱਕ ਵਹਿ ਗਏ ਹਨ।

• ਬਰਸਾਤਾਂ ਦਾ ਮੌਸਮ ਖਤਮ ਹੋਣ ਦੇ ਤਿੰਨ ਮਹੀਨੇ ਦੇ ਬਾਅਦ ਵੀ ਨਹੀਂ ਪੂਰੇ ਗਏ ਟੋਏ

ਕਰੀਬ ਅੱਧੀ ਦਰਜਨ ਥਾਵਾਂ ਅਜਿਹੀਆਂ ਹਨ ਜਿੱਥੇ ਮਿੱਟੀ ਖੁਰਨ ਨਾਲ ਕਰੀਬ 5 ਤੋਂ 10 ਫੁੱਟ ਡੂੰਘੇ ਖੂਹ ਨੁਮਾ ਟੋਏ ਬਣ ਚੁੱਕੇ ਹਨ,ਜਿਸ ਵਿੱਚ ਪੂਰੀ ਦੀ ਪੂਰੀ ਕਾਰ ਸਮਾ ਸਕਦੀ ਹੈ। ਸਾਰੀ ਸੜਕ ਦੇ ਬਰਮ ਕਾਫੀ ਨੀਵੇਂ ਹੋ ਚੁੱਕੇ ਹਨ ਜਿਸ ਕਾਰਣ ਥੋੜੀ ਜਿਹੀ ਵੀ ਬੇਧਿਆਨੀ ਵਾਹਨ ਚਾਲਕ ਲਈ ਬੇਹੱਦ ਖਤਰਨਾਕ ਹੀ ਨਹੀਂ ਸਗੋਂ ਜਾਨਲੇਵਾ ਵੀ ਸਾਬਿਤ ਹੋ ਸਕਦੀ ਹੈ। ਕਿਉਂਕਿ ਸੜਕ ਦੇ ਇੱਕ ਪਾਸੇ ਸੈਂਕੜੇ ਫੁੱਟ ਡੂੰਘੀ ਖੱਡ ਹੈ, ਜੇਕਰ ਇਸ ਪਹਾੜੀ ਇਲਾਕੇ ਵਿਚਲੀ ਸੜਕ ਦੇ ਮੋੜ ‘ਤੇ ਅਚਾਨਕ ਸਾਹਮਣੇ ਵਾਲੇ ਪਾਸੇ ਤੋਂ ਵੱਡਾ ਵਾਹਨ ਆ ਜਾਵੇ ਤਾਂ ਹਲਕੇ ਵਾਹਨ ਚਾਲਕ ਦੇ ਸੜਕ ਤੋਂ ਉਤਰ ਜਾਣ ਜਾਂ ਸਾਹਮਣੇ ਖੂਹ ਨੁਮਾ ਟੋਆ ਆ ਜਾਣ ਕਾਰਣ ਸਵਾਰੀਆਂ ਨੂੰ ਮੌਤ ਦੇ ਮੂੰਹ ‘ਚ ਜਾਣੋਂ ਕੋਈ ਬਚਾ ਨਹੀਂ ਸਕਦਾ।

• ਸੜਕ ਨੂੰ ਕਈ ਥਾਂਈਂ ਲੱਗਾ ਵੱਡਾ ਖੋਰਾ ਵਾਹਨ ਚਾਲਕਾਂ ਲਈ ਸਾਬਿਤ ਹੋ ਸਕਦਾ ਜਾਨਲੇਵਾ

ਇਸ ਸੜਕ ਦੇ ਇੱਕ ਹਿੱਸੇ ‘ਤੇ ਰੇਤਲੀ ਪਹਾੜੀ ਦਾ ਹਿੱਸਾ ਡਿੱਗੇ ਨੂੰ ਕਈ ਮਹੀਨੇ ਹੋ ਚੁੱਕੇ ਹਨ, ਜਿਸ ਨੇ ਕਰੀਬ ਅੱਧੀ ਤੋਂ ਵੀ ਜ਼ਿਆਦਾ ਸੜਕ ਘੇਰੀ ਹੋਈ ਹੈ ਤੇ ਆਵਾਜਾਈ ਵਿੱਚ ਵੱਡੀ ਰੁਕਾਵਟ ਪੈਦਾ ਕੀਤੀ ਹੋਈ ਹੈ,ਪਰੰਤੂ ਲੋਕ ਨਿਰਮਾਣ ਵਿਭਾਗ ਦੇ ਕਿਸੇ ਵੀ ਅਧਿਕਾਰੀ ਤੇ ਕਰਮਚਾਰੀ ਨੂੰ ਇਸ ਦੀ ਖਬਰ ਤੱਕ ਨਹੀਂ ਹੈ।

• ਛੋਟੀ ਜਿਹੀ ਅਣਗਹਿਲੀ ਨਾਲ ਸੈਂਕੜੇ ਫੁੱਟ ਹੇਠਾਂ ਡੂੰਘੀ ਖੱਡ ‘ਚ ਡਿੱਗ ਸਕਦੇ ਨੇ ਵਾਹਨ

ਇੰਜ ਪੰਜਾਬ ਦੇ ਹਿੱਸੇ ਦਾ ਇਹ 5-6 ਕਿਲੋਮੀਟਰ ਲੰਮਾ ਟੋਟਾ ਸਰਕਾਰੀ ਵਭਾਗ ਵੱਲੋਂ ਸੜਕ ਸੁਰੱਖਿਆ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਕਾਰਨ ਖ਼ੂਨੀ ਸੜਕ ਦਾ ਰੂਪ ਧਾਰਣ ਕਰ ਗਿਆ ਹੈ। ਇਸ ਮੱਹਤਵਪੂਰਣ ਸੜਕ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪੁਰੀ ਤਰਾਂ ਨਾਲ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਸਿਰ ਆਉਂਦੀ ਹੈ। ਇੰਜ ਕੋਈ ਵੱਡਾ ਹਾਦਸਾ ਵਾਪਰ ਜਾਣ ਦੀ ਸੂਰਤ ਵਿੱਚ ਸਾਰੀ ਜ਼ਿੰਮੇਵਾਰੀ ਵੀ ਪੂਰੀ ਤਰਾਂ ਨਾਲ ਇਸੇ ਵਿਭਾਗ ਦੇ ਹੀ ਸਿਰ ਆਉਂਦੀ ਹੈ। ਸਰਕਾਰੀ ਲਾਪਰਵਾਹੀ ਦੇ ਚੱਲਦਿਆਂ ਹੁਣ ਆਲਮ ਇਹ ਹੈ ਕਿ ਭਾਰੀ ਲਾਪਰਵਾਹੀ ਦੇ ਚੱਲਦਿਆਂ ਇਸ ਸੜਕ ਤੇ ਸਫਰ ਕਰਨਾ ਹਰ ਵਾਹਨ ਚਾਲਕ ਲਈ ਜਾਨ ਖਤਰੇ ਵਿੱਚ ਪਾਉਣ ਦੇ ਬਰਾਬਰ ਹੈ। ਸੜਕ ਦੇ ਕਿਨਾਰਿਆਂ ਅਤੇ ਬਰਮਾਂ ਦੀ ਹਾਲਤ ਖਸਤਾ ਹੋਣ ਅਤੇ ਸਾਈਡ ਬਲਾਈਂਡ ਹੋਣ ਦੇ ਸਿੱਟੇ ਵਜੋਂ ਗੰਭੀਰ ਅਤੇ ਜਾਨਲੇਵਾ ਹਾਦਸੇ ਵਾਪਰਦੇ ਹੀ ਰਹਿੰਦੇ ਹਨ। ਜਿਸ ਨਾਲ ਹਰ ਵਾਹਨ ਚਾਲਕ ਅਤੇ ਸਵਾਰੀਆਂ ਦੀ ਜਾਨ ਮੁੱਠੀ ਵਿੱਚ ਆਈ ਰਹਿੰਦੀ ਹੈ।

-ਭਾਰੀ ਟਿੱਪਰਾਂ ਦੀ ਆਵਾਜਾਈ ਸੜਕ ਸੁਰੱਖਿਆ ਲਈ ਗੰਭੀਰ ਖਤਰਾ

ਇਸ ਸਟੇਟ ਹਾਈਵੇਅ ‘ਤੇ ਸ਼ਾਮ ਵੇਲੇ ਤੋਂ ਭਾਰੀ ਟਿੱਪਰਾਂ ਦੀ ਬੇਕਾਬੂ ਆਵਾਜਾਈ ਵੀ ਸੜਕ ਸੁਰਖਿਆ ਲਈ ਵੱਡਾ ਖਤਰਾ ਬਣ ਚੁੱਕੀ ਹੈ। ਜਿਸ ਦੇ ਡਰਾਈਵਰ ਵੀ ਸੜਕ ਸੁਰੱਖਿਆ ਨਿਯਮਾਂ ਦੀ ਪਰਵਾਹ ਨਾ ਕਰਦਿਆਂ ਮਨਮਰਜ਼ੀ ਨਾਲ ਟਰੱਕ ਇਧਰ-ਉਧਰ ਘੁਮਾਉਂਦੇ ਰਹਿੰਦੇ ਹਨ। ਸੜਕ ਦੀ ਚੌੜਾਈ ਘੱਟ ਹੋਣ ਕਾਰਣ ਸਥਿਤੀ ਬਦੱਤਰ ਬਣ ਚੁੱਕੀ ਹੈ ਅਤੇ ਇਨਾਂ ਅਣਗਹਿਲੀਆਂ ਕਾਰਣ ਪਿਛਲੇ ਸਮਿਆਂ ‘ਚ ਵਾਪਰੇ ਗੰਭੀਰ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਅਜਾਈਂ ਜਾ ਚੁੱਕੀਆਂ ਹਨ। ਇਸ ਵਿਕਰਾਲ ਰੂਪ ਧਾਰ ਚੁੱਕੀ ਸਮੱਸਿਆ ਤੋਂ ਨਿਜਾਤ ਦਿਵਾਉਣ ਬਾਰੇ ਇਲਾਕੇ ਦੇ ਪੰਚਾਂ-ਸਰਪੰਚਾਂ,ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਡਿਪਟੀ ਕਮਿਸ਼ਨਰ,ਪੁਲਿਸ ਮੁਖੀ ਅਤੇ ਟਰਾਂਸਪੋਰਟ ਅਧਿਕਾਰੀ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਆਵਾਜਾਈ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਹਿਮਾਚਲ ਪ੍ਰਦੇਸ਼ ਦੇ ਹਿੱਸੇ ਦੀ ਸੜਕ ਹੈ ਟਿੱਪ ਟੌਪ;

ਹੁਸ਼ਿਆਰਪੁਰ ਊਨਾ ਰੋਡ ਨਾ ਸਿਰਫ ਹਿਮਾਚਲ ਦੇ ਵੱਡੇ ਹਿੱਸੇ ਨੂੰ ਪੰਜਾਬ ਨਾਲ ਜੋੜਦੀ ਹੈ,ਸਗੋਂ ਪ੍ਰਸਿੱਧ ਸਿੱਖ ਧਾਰਮਿਕ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ,ਕੀਰਤਪੁਰ ਸਾਹਿਬ ਲਈ ਵੀ ਵੱਡਾ ਲਾਂਘਾ ਹੈ। ਇਸ ਸੜਕ ਦਾ ਪੰਜਾਬ ਵਾਲਾ ਹਿੱਸਾ ਖਤਮ ਹੁੰਦਿਆਂ ਸਾਰ ਹੀ ਜਦੋਂ ਹਿਮਾਚਲ ਪ੍ਰਦੇਸ਼ ਵਾਲਾ ਹਿੱਸਾ ਆਰੰਭ ਹੁੰਦਾ ਹੈ ਤਾਂ ਸੜਕ ਦੀ ਟੌਹਰ ਦੇਖਣ ਵਾਲੀ ਹੋ ਜਾਂਦੀ ਹੈ। ਜਿੱਥੋਂ ਇਹ ਸੜਕ ਪੂਰੀ ਤਰ•ਾਂ ਟਿੱਪ ਟੌਪ ਨਜ਼ਰ ਆਉਂਦੀ ਹੈ। ਨਾਂ ਸਿਰਫ ਇਸ ਸੜਕ ਦੇ ਬਰਮ ਬਿਲਕੁਲ ਸਹੀ ਅਤੇ ਸਮਤਲ ਹਨ, ਸਗੋਂ ਸੜਕ ਦੇ ਦੋਵਾਂ ਕਿਨਾਰਿਆਂ ‘ਤੇ ਚਿੱਟੀ ਲਾਈਨ ਲਗਾਈ ਹੋਈ ਹੈ। ਕਈ ਥਾਵਾਂ ‘ਤੇ ਤਾਂ ਰਾਤ ਨੂੰ ਜਗਣ ਵਾਲੇ ਯੰਤਰ ਵੀ ਲਗਾਏ ਹੋਏ ਹਨ। ਜਿਸ ਨਾਲ ਵਾਹਨ ਚਾਲਕ ਨੂੰ ਸੜਕ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ। ਰੋਜ਼ਾਨਾ ਸਫਰ ਕਰਨ ਵਾਲੇ ਵਾਹਨ ਚਾਲਕਾਂ ਨੇ ਪੰਜਾਬ ਸਰਕਾਰ ਪਾਸੋਂ ਇਸ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕਰਦਿਆਂ ਕਿਹਾ ਕਿ ਆਵਾਜਾਈ ਵਿੱਚ ਭਾਰੀ ਵਾਧੇ ਨੂੰ ਵੇਖਦਿਆਂ ਇਸ ਸੜਕ ਦੀ ਚੌੜਾਈ ਦੁੱਗਣੀ ਕੀਤੀ ਜਾਣੀ ਚਾਹੀਦੀ ਹੈ।

LEAVE A REPLY

Please enter your comment!
Please enter your name here