ਉਸਤਾਦ ਅੱਲਾ ਰੱਖਾ ਸੰਗੀਤ ਸੰਮੇਲਨ ਅਮਿਟ ਯਾਦਾਂ ਛੱਡਦਾ ਹੋਇਆ ਸੰਪਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪੁਰਾਤਨ ਕਲਾ ਪੰਜਾਬ ਘਰਾਣਾ ਤਬਲਾ ਵਾਦਨ ਸਿਖਿਆ ਕੇਂਦਰ ਸੋਸਾਇਟੀ ਫਤਿਹਪੁਰ (ਭੂੰਗਾ) ਵਲੋਂ ਸੰਗੀਤ ਨਾਟਕ ਅਕੈਡਮੀ ਨਵੀਂ ਦਿਲੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਉਸਤਾਦ ਅੱਲਾ ਰੱਖਾ ਸੰਗੀਤ ਸੰਮੇਲਨ ਅਮਿਟ ਯਾਦਾਂ ਛੱਡਦਾ ਹੋਇਆ ਸੰਪਨ ਹੋਇਆ। ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਸੋਸਾਇਟੀ ਪ੍ਰਧਾਨ ਉਸਤਾਦ ਕੁਲਵਿੰਦਰ ਸਿੰਘ ਦੀ ਦੇਖ-ਰੇਖ ਅਧੀਨ ਕਰਵਾਏ ਗਏ ਇਸ ਸੰਗੀਤ ਸੰਮੇਲਨ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਦੀਪਕ ਬਾਲੀ ਜਨਰਲ ਸੈਕਟਰੀ ਹਰਿਬਲਭ ਸੰਗੀਤ ਮਹਾਂਸਭਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਪਰਮਪਾਲ ਸਿੰਘ ਪੋਲਟਰੀ ਜੈਨਟਿਸਟ, ਡਾ. ਸਰਬਦੀਪ ਸਿੰਘ, ਤਿਲਕ ਰਾਜ ਆਰਟਿਸਟ ਆਲ ਇੰਡੀਆ ਰੇਡੀਉ ਅਤੇ ਡਾ. ਪਰਮਜੀਤ ਸਿੰਘ ਪ੍ਰਿੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ।

Advertisements

ਇਸ ਮੌਕੇ ਮੁੱਖ ਮਹਿਮਾਨ ਦੀਪਕ ਬਾਲੀ ਨੇ ਕਿਹਾ ਕਿ ਅਜਿਹੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਨਾ ਸਮੇਂ ਦੀ ਲੋੜ ਹੈ ਕਿਉਂਕਿ ਅੱਜ ਸਭ ਪਾਸੇ ਬੇਸੁਰੀ ਹਲਕੀ ਫੁੱਲਕੀ ਗਾਇਕੀ ਦਾ ਹੀ ਬੋਲਬਾਲਾ ਹੈ। ਉਹਨਾਂ ਕਿਹਾ ਕਿ ਉਸਤਾਦ ਕੁਲਵਿੰਦਰ ਸਿੰਘ ਦੀ ਅਗਵਾਈ ਅਧੀਨ ਫਤਿਹਪੁਰ ਅਕੈਡਮੀ ਵਲੋਂ ਤਬਲਾ ਵਾਦਨ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਇਸ ਮੌਕੇ ਡਾ. ਪਰਮਪਾਲ ਸਿੰਘ ਅਤੇ ਡਾ. ਸਰਬਦੀਪ ਸਿੰਘ ਨੇ ਕਿਹਾ ਕਿ ਅੱਜ ਜਦੋਂ ਪੰਜਾਬ ਦੀ ਨੌਜਵਾਨ ਪੀੜੀ ਨਸ਼ਿਆ ਜਿਹੀਆਂ ਭੈੜੀਆਂ ਅਲਾਮਤਾਂ ਦਾ ਸ਼ਿਕਾਰ ਹੋ ਰਹੀ ਹੈ। ਇਸ ਮੌਕੇ ਅਜਿਹੇ ਪ੍ਰੋਗਰਾਮਾਂ ਦਾ ਹੋਣਾ ਜਰੂਰੀ ਹੈ। ਤਿਲਕ ਰਾਜ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦੇ ਮਾਧਿਅਮ ਰਾਂਹੀ ਗਾਇਕਾਂ ਅੰਦਰ ਛੁੱਪੀ ਕਲਾ ਨਿਖਰ ਕੇ ਸਾਹਮਣੇ ਆਉਂਦੀ ਹੈ। ਸੋਸਾਇਟੀ ਪ੍ਰਧਾਨ ਉਸਤਾਦ ਕੁਲਵਿੰਦਰ ਸਿੰਘ ਨੇ ਕਿਹਾ ਨੌਜਵਾਨਾਂ ਨੂੰ ਸੰਗੀਤ ਨਾਲ ਜੋੜਨ ਲਈ ਅਜਿਹੇ ਪ੍ਰੋਗਰਾਮਾਂ ਦਾ ਭਵਿਖ ਵਿਚ ਵੀ ਆਯੋਜਨ ਕੀਤਾ ਜਾਂਦਾ ਰਹੇਗਾ ਤਾਂ ਕਿ ਨੌਜਵਾਨ ਪੀੜੀ ਭਟਕਣਾਂ ਦਾ ਸ਼ਿਕਾਰ ਨਾ ਹੋ ਕੇ ਆਪਣੇ ਵਿਰਸੇ ਨਾਲ ਜੁੜ ਸਕੇ। ਇਸ ਸੰਗੀਤ ਸੰਮੇਲਨ ਦੀ ਸ਼ੁਰੂਆਤ ਜੈ ਸਿੰਘ ਅਤੇ ਅਕੈਡਮੀ ਦੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਨਾਲ ਕੀਤੀ। ਇਸ ਉਪਰੰਤ ਅਕੈਡਮੀ ਦੇ ਵਿਦਿਆਰਥੀਆਂ ਹਰਜੋਤ ਸਿੰਘ, ਬਲਪ੍ਰੀਤ ਸਿੰਘ, ਏਕਨੂਰ ਸਿੰਘ ਨੇ ਗਰੁੱਪ ਤਬਲਾ ਵਾਦਨ ਪੇਸ਼ ਕਰਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਪ੍ਰੋ. ਅਮਨਦੀਪ ਸਿੰਘ ਨੇ ਤਾਂਤੀ ਸਾਜ਼ ਦਿਲਰੁੱਬਾ ਦਾ ਵਾਦਨ ਕਰਕੇ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿਤਾ।

ਡਾ. ਨਿਵੇਦਿਤਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਲਾਸੀਕਲ ਗਾਇਕੀ ਪੇਸ਼ ਕਰਕੇ ਸਭ ਨੂੰ ਹਰਿਬਲਭ ਸੰਗੀਤ ਸੰਮੇਲਮ ਦਾ ਭੁਲੇਖਾ ਪਾ ਦਿਤਾ।  ਇਸ ਉਪਰੰਤ ਜਦ ਬੰਬਈ ਵਾਸੀ ਸ੍ਰੀ ਰਵੀ ਚੈਰੀ ਨੇ ਸਿਤਾਰ ਵਾਦਨ ਪੇਸ਼ ਕੀਤਾ ਤਾਂ ਸਭ ਪਾਸੇ ਸੁਨਾਟਾ ਛਾ ਗਿਆ ਤੇ ਸਭ ਨੇ ਤਾਲੀਆਂ ਨਾਲ ਹੌਂਸਲਾ ਅਫਜਾਈ ਕੀਤੀ। ਇਸ ਉਪਰੰਤ ਡੀ ਜੈਬੇਂ ਦੀ ਪੇਸ਼ਕਾਰੀ ਸਲਾਘਾਯੋਗ ਰਹੀ ਜਿਸ ਨੂੰ ਬੰਬਈ ਵਾਸੀ ਉਮਕਾਰ ਸਾਲੀਨਖੇ ਨੇ ਪੇਸ਼ ਕੀਤਾ। ਇਹਨਾਂ ਆਈਟਮਾਂ ਵਿਚ ਸਰਬਜੀਤ ਸ਼ਿਬੂ, ਜਗਮੋਹਨ ਸਿੰਘ, ਹਰਜੋਤ ਸਿੰਘ ਅਤੇ ਹਰਮੀਤ ਸਿੰਘ ਨੇ ਸਾਜ਼ਾਂ ਤੇ ਸਾਥ ਬਾਖੂਬੀ ਨਿਭਾਇਆ। ਇਸ ਸੰਗੀਤ ਸੰਮੇਲਨ ਦੌਰਾਨ ਸਟੇਜ਼ ਸਕੱਤਰ ਦੀ ਭੂਮਿਕਾ ਸੰਗਤ ਰਾਮ ਨੇ ਬਾਖੂਬੀ ਨਿਭਾਈ। ਇਸ ਮੌਕੇ ਡਾ. ਜਗਤਾਰ ਸਿੰਘ ਸੈਕਟਰੀ ਸੋਸਾਇਟੀ, ਡਾ. ਰਣਜੀਤ ਸਿੰਘ ਪ੍ਰੈਸ ਸਕੱਤਰ ਸੋਸਾਇਟੀ, ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ, ਗੁਰਦੀਪ ਸਿੰਘ ਗਾਇਕ ਕਲਾਕਾਰ ਸਮੇਤ ਇਲਾਕੇ ਦੀ ਮਹਾਨ ਸ਼ਖ਼ਸੀਅਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here