ਪੰਜਾਬ ਸਰਕਾਰ ਨੇ ਦੁਕਾਨਦਾਰਾਂ ਨੂੰ ਸਮਾਨ ਦੀ ਡਿਲੀਵਰੀ ਲਈ ਜਾਰੀ ਕੀਤਾ ਨਵਾਂ ਮੋਡਿਊਲ, ਦੁਕਾਨਦਾਰ ਐਪ ਰਾਹੀਂ ਪ੍ਰਾਪਤ ਕਰਨ ਆਰਡਰ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਰੂਰੀ ਵਸਤਾਂ ਦੀ ਘਰ ਵਿੱਚ ਪਹੁੰਚ ਯਕੀਨੀ ਬਣਾਉਣ ਲਈ ਕੋਵਾ ਐਪ ਵਿੱਚ ਇਕ ਨਵਾਂ ਮੋਡਿਊਲ ਤਿਆਰ ਕੀਤਾ ਗਿਆ ਹੈ। ਇਹ ਮੋਡਿਊਲ ਸਾਰੇ ਦੁਕਾਨਦਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਆਪਣੇ ਨਾਲ ਸਬੰਧਤ ਕੰਮ ਲਈ ਵਰਤ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਮੋਡਿਊਲ ਨੂੰ ਵਰਤਣ ਲਈ ਐਪ ਨੂੰ ਡਾਊਨਲੋਡ ਕਰਨਾ ਲਾਜ਼ਮੀ ਹੈ, ਜੋ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਵਿੱਚ ਮੁਫ਼ਤ ਉਪਲਬੱਧ ਹੈ। ਉਹਨਾਂ ਦੱਸਿਆ ਕਿ ਕੋਵਾ ਐਪ ਦੇ ਮੈਨਯੂ ਵਿੱਚ ਰਿਕੁਐਸਟ ਗਰੋਸਰੀ ਟਾਈਪ ‘ਤੇ ਕਲਿੱਕ ਕਰਕੇ ਇਹ ਮੋਡਿਊਲ ਖੁੱਲ ਜਾਵੇਗਾ।

Advertisements

ਉਹਨਾਂ ਦੱਸਿਆ ਕਿ ਇਸ ਉਪਰੰਤ ਕੋਈ ਵੀ ਵਿਅਕਤੀ ਆਪਣੀ ਲੋਕੇਸ਼ਨ ਸੈਟ ਕਰਕੇ ਆਪਣੇ ਨੇੜਲੇ ਦੁਕਾਨਦਾਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ। ਉਹਨਾਂ ਦੱਸਿਆ ਕਿ ਮੋਡਿਊਲ ਰਾਹੀਂ ਕਿਸੇ ਵੀ ਵਿਅਕਤੀ ਵਲੋਂ ਫ਼ਲ-ਸਬਜ਼ੀਆਂ, ਦਵਾਈਆਂ, ਦੁੱਧ ਉਤਪਾਦ ਅਤੇ ਕਰਿਆਨੇ ਦੇ ਸਮਾਨ ਨੂੰ ਘਰ ਬੈਠੇ ਮੰਗਵਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਖਰੀਦੇ ਸਮਾਨ ਦੀ ਰਾਸ਼ੀ ਦਾ ਭੁਗਤਾਨ ਆਰਡਰ ਦੀ ਡਿਲੀਵਰੀ ਸਮੇਂ ਹੀ ਕਰਨਾ ਹੈ ਅਤੇ ਜੇਕਰ ਸਬੰਧਤ ਵਿਅਕਤੀ ਆਰਡਰ ਤੋਂ ਸੰਤੁਸ਼ਟ ਨਹੀਂ ਹੈ, ਤਾਂ ਕੋਵਾ ਐਪ ਵਿੱਚ ਰਿਪੋਰਟ ਕੀਤੀ ਜਾ ਸਕਦੀ ਹੈ।

ਅਪਨੀਤ ਰਿਆਤ ਨੇ ਦੱਸਿਆ ਕਿ ਕੋਈ ਵੀ ਰਜਿਸਟਰਡ ਦੁਕਾਨਦਾਰ ਆਪਣੇ ਸਮਾਨ ਦੀ ਸਪਲਾਈ ਲਈ ਇਸ ਮੋਡਿਊਲ ਰਾਹੀਂ ਰਜਿਸਟਰੇਸ਼ਨ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਰਜਿਸਟਰੇਸ਼ਨ ਤੋਂ ਪਹਿਲਾਂ ਦੁਕਾਨਦਾਰ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਕਿਸੇ ਵੀ ਵਸਤੂ ਦਾ ਵੇਚ ਮੁੱਲ ਐਮ.ਆਰ.ਪੀ. ਰੇਟਾਂ ਤੋਂ ਵੱਧ ਨਾ ਹੋਵੇ ਅਤੇ ਦੁਕਾਨਦਾਰ ਕੋਲ ਸਮਾਨ ਘਰ ਪਹੁੰਚਾਉਣ ਦੀ ਆਪਣੇ ਪੱਧਰ ‘ਤੇ ਸੁਵਿਧਾ ਹੋਵੇ। ਉਹਨਾਂ ਦੱਸਿਆ ਕਿ ਅਜਿਹਾ ਨਾ ਹੋਣ ‘ਤੇ ਉਸ ਦੀ ਅਰਜ਼ੀ ਰੱਦ ਹੋ ਸਕਦੀ ਹੈ।

ਉਹਨਾਂ ਦੱਸਿਆ ਕਿ ਦੁਕਾਨਦਾਰ ਨੂੰ ਸਭ ਤੋਂ ਪਹਿਲਾਂ ਕੋਵਾ ਐਪ ਡਾਊਨਲੋਡ ਕਰਨਾ ਹੋਵੇਗਾ ਅਤੇ ਰਿਕੁਐਸਟ ਗਰੋਸਰੀ ਟਾਈਪ ‘ਤੇ ਕਲਿੱਕ ਕਰਨਾ ਹੋਵੇਗਾ। ਇਸ ਉਪਰੰਤ ਉਹ ਵੈਂਡਰ ਰਜਿਸਟਰੇਸ਼ਨ ‘ਤੇ ਕਲਿੱਕ ਕਰਕੇ ਆਨ ਰੋਲ ਹੋ ਸਕਦਾ ਹੈ। ਉਹਨਾਂ ਦੱਸਿਆ ਕਿ ਅਰਜ਼ੀ ਦੇਣ ਲਈ ਜ਼ਿਲੇ ਦਾ ਨਾਮ, ਮੋਬਾਇਲ ਨੰਬਰ ਅਤੇ ਪੂਰਾ ਪਤਾ ਦੱਸਣਾ ਹੋਵੇਗਾ ਅਤੇ ਫ਼ਿਰ ਵੇਚਣ ਵਾਲੀਆਂ ਵਸਤਾਂ ਜਿਵੇਂ ਦੁੱਧ ਉਤਪਾਦ, ਫ਼ਲ, ਸਬਜ਼ੀਆਂ, ਦਵਾਈਆਂ ਅਤੇ ਕਰਿਆਨੇ ਬਾਰੇ ਜਾਣਕਾਰੀ ਦੇਣੀ ਹੋਵੇਗੀ, ਉਪਰੰਤ ਆਖਰ ਵਿੱਚ ਡਿਲੀਵਰੀ ਕਰਤਾ ਬਾਰੇ ਜਾਣਕਾਰੀ ਦੇਣੀ ਪਵੇਗੀ। ਉਹਨਾਂ ਦੱਸਿਆ ਕਿ ਇਸ ਉਪਰੰਤ ਇਹ ਰਜਿਸਟਰੇਸ਼ਨ ਅਰਜ਼ੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਨਲਾਈਨ ਚਲੀ ਜਾਵੇਗੀ।

ਉਹਨਾਂ ਦੱਸਿਆ ਕਿ ਜੇਕਰ ਇਹ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ, ਤਾਂ ਸਬੰਧਤ ਦੁਕਾਨਦਾਰ ਦੇ ਮੋਬਾਇਲ ‘ਤੇ ਇਕ ਆਈ.ਡੀ. ਅਤੇ ਪਾਸਵਰਡ ਭੇਜ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਆਈ.ਡੀ. ਪਾਸਵਰਡ ਵਰਤ ਕੇ ਦੁਕਾਦਨਦਾਰ ਦੁਕਾਨ ਦੇ ਸਟਾਕ ਅਤੇ ਉਹਨਾਂ ਦੀ ਵਿਕਰੀ ਨੂੰ ਅਪਡੇਟ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਨਾਗਰਿਕਾਂ ਵਲੋਂ ਕੀਤੇ ਗਏ ਆਰਡਰ ਦੁਕਾਨਦਾਰ ਆਪਣੀ ਲਾਗਇਨ ਆਈ.ਡੀ. ਵਿੱਚ ਦੇਖ ਸਕਦਾ ਹੈ ਅਤੇ ਸਬੰਧਤ ਨਾਗਰਿਕ ਵਲੋਂ ਦਿੱਤੇ ਗਏ ਪਤੇ ‘ਤੇ ਇਹ ਆਰਡਰ ਪਹੁੰਚਾਉਣੇ ਹੋਣਗੇ।

ਦੁਕਾਨਦਾਰ ਆਪਣੇ ਆਰਡਰ ਦੀ ਕੀਮਤ ਸਮਾਨ ਪਹੁੰਚਣ ‘ਤੇ ਵਸੂਲ ਪਾਵੇਗਾ। ਉਹਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਨੂੰ ਇਸ ਮੋਡਿਊਲ ਦੀ ਵਰਤੋਂ ਲਈ ਲਾਗਇਨ ਪਾਸਵਰਡ ਪ੍ਰਦਾਨ ਕੀਤਾ ਜਾਵੇਗਾ, ਜਿਸ ਦੀ ਵਰਤੋਂ ਕਰਕੇ ਆਪਣੇ ਜ਼ਿਲੇ ਨਾਲ ਸਬੰਧਤ ਜ਼ਿਲੇ ਦੇ ਦੁਕਾਨਦਾਰਾਂ ਦੀ ਅਰਜ਼ੀ ਨੂੰ ਮਨਜ਼ੂਰ ਜਾਂ ਰੱਦ ਕੀਤਾ ਜਾ ਸਕਦਾ ਹੈ। ਜੇਕਰ ਜ਼ਿਲਾ ਪ੍ਰਸ਼ਾਸ਼ਨ ਨੂੰ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਕਿਸੇ ਵੀ ਸਮੇਂ ਕਿਸੇ ਵੀ ਦੁਕਾਨਦਾਰ ਦੀ ਰਜਿਸਟਰੇਸ਼ਨ ਨੂੰ ਰੱਦ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here