ਜ਼ਿਲੇ ਦੇ ਹਰੇਕ ਬਲਾਕ ਵਿੱਚ ਲੱਗਣਗੇ 55 ਸੋਲਿਡ ਵੇਸਟ ਮੇਨੈਜਮੈਂਟ ਪਲਾਂਟ: ਸਾਰੰਗਲ

ਜਲੰਧਰ(ਦ ਸਟੈਲਰ ਨਿਊਜ਼)।  ਜ਼ਿਲਾ ਜਲੰਧਰ ਦੇ ਦਿਹਾਤੀ ਖੇਤਰਾਂ ਨੂੰ ਸਾਫ਼-ਸੁਥਰਾ ਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਇਸ ਵਿੱਤੀ ਸਾਲ ਦੌਰਾਨ ਜ਼ਿਲੇ ਦੇ ਹਰੇਕ ਬਲਾਕ ਵਿੱਚ ਪੰਜ-ਪੰਜ ਕੁੱਲ 55 ਸੋਲਿਡ ਵੇਸਟ ਮੇਨੈਜਮੈਂਟ ਪਲਾਂਟ ਲਗਾਏ ਜਾਣਗੇ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਸੋਲਿਡ ਵੇਸਟ ਮੇਨੈਜਮੈਂਟ ਪ੍ਰੋਜੈਕਟ ਤਹਿਤ ਵੱਖਰੇ ਟੋਏ (ਪਿਟਸ) ਬਣਾਏ ਜਾਣਗੇ ਜਿਥੇ ਸੁੱਕੇ ਅਤੇ ਗਿੱਲੇ ਕੂੜੇ ਨੂੰ ਕੂੜਾ ਇਕੱਤਰ ਕਰਨ ਵਾਲੀਆਂ ਟੀਮਾਂ ਵਲੋਂ ਡੰਪ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੂੜੇ ਨੂੰ ਅਲੱਗ ਕਰਨ ਨੂੰ ਯਕੀਨੀ ਬਣਾਉਣ ਲਈ ਪਿੰਡ ਵਾਸੀਆਂ ਨੂੰ ਨੀਲੇ ਅਤੇ ਹਰੇ ਕੂੜਾਦਾਨ ਮੁਹੱਈਆ ਕਰਵਾਏ ਜਾਣਗੇ।

ਉਨਾਂ ਦੱਸਿਆ ਕਿ ਟੀਮਾਂ ਵਲੋਂ ਘਰ-ਘਰ ਜਾ ਕੇ ਕੂੜਾ ਇਕੱਠਾ ਕੀਤਾ ਜਾਵੇਗਾ ਅਤੇ ਇਸ ਨੂੰ ਵੱਖਰੇ-ਵੱਖਰੇ ਟੋਇਆਂ (ਪਿਟਸ) ਵਿੱਚ ਪਾ ਕੇ ਖਾਦ ਤਿਆਰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਹਰੇ ਅਤੇ ਨੀਲੇ ਕੂੜਾਦਾਨ ਪ੍ਰਾਪਤ ਕੀਤੇ ਜਾ ਚੁੱਕੇ ਹਨ ਅਤੇ ਜਲਦੀ ਹੀ ਪਿੰਡ ਵਾਸੀਆਂ ਨੂੰ ਵੰਡੇ ਜਾਣਗੇ ਕਿਉਂਕਿ ਅਪਰਾ ਅਤੇ ਸੇਲਕੀਆਣਾ ਵਿਖੇ ਸੋਲਿਡ ਵੇਸਟ ਮੇਨੈਜਮੈਂਟ ਪਲਾਂਟਾ ਦਾ ਕੰਮ ਮੁਕੰਮਲ ਹੋਣ ਵਾਲਾ ਹੈ।

ਸਾਰੰਗਲ ਨੇ ਦੱਸਿਆ ਕਿ ਇਕ ਸੋਲਿਡ ਵੇਸਟ ਮੇਨੈਜਮੈਂਟ ਪਲਾਂਟ ਬਣਾਉਣ ਲਈ ਕਰੀਬ 3.18 ਲੱਖ ਰੁਪਏ ਦਾ ਖ਼ਰਚਾ ਆਵੇਗਾ ਜਿਸ ਵਿਚੋਂ 2.66 ਲੱਖ ਰੁਪਏ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ ਅਤੇ 52000 ਰੁਪਏ ਪਿੰਡ ਦੀ ਪੰਚਾਇਤ ਵਲੋਂ ਗਰਾਂਟ ਵਿਚੋਂ ਖ਼ਰਚ ਕੀਤੇ ਜਾਣਗੇ।

ਸਾਰੰਗਲ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਪਿੰਡ ਵਾਸੀਆਂ ਨੂੰ ਕੂੜੇ ਦੇ ਸੁਚੱਜੇ ਪ੍ਰਬੰਧਾਂ ਬਾਰੇ ਜਾਗਰੂਕ ਕਰਨ ਲਈ ਜਨ ਜਾਗਰੂਕਤਾ ਲਹਿਰ ਚਲਾਈ ਜਾਵੇਗੀ,ਜਿਸ ਦੌਰਾਨ ਉਨਾਂ ਨੂੰ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਘਰਾਂ ਵਿੱਚ ਹੀ ਕੂੜੇ ਨੂੰ ਅਲੱਗ ਕਰਨ ਦੇ ਲਾਭਾਂ ਬਾਰੇ ਦੱਸਿਆ ਜਾਵੇਗਾ, ਤਾਂ ਜੋ ਜਲੰਧਰ ਨੂੰ ਸਾਫ਼-ਸੁਥਰਾ,ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਰਣਜੀਤ ਸਿੰਘ ਖਟੜਾ ਨੇ ਦੱਸਿਆ ਕਿ ਇਨਾਂ ਪਲਾਂਟ ਵਿੱਚ ਤਿਆਰ ਕੀਤੀ ਗਈ ਜੈਵਿਕ ਖਾਦ ਨੂੰ ਪੌਦਿਆ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।

ਸਾਰੰਗਲ ਨੇ ਪਿੰਡ ਵਾਸੀਆਂ ਨੂੰ ਸੱਦਾ ਦਿੱਤਾ ਕਿ ਇਸ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ ਜਾਵੇ, ਤਾਂ ਜੋ ਦੂਸਰੇ ਵੀ ਆਪਣੇ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਲਈ ਪ੍ਰੇਰਿਤ ਹੋ ਸਕਣ।

LEAVE A REPLY

Please enter your comment!
Please enter your name here