ਲੁਟੇਰੇ ਨੂੰ ਕਾਬੂ ਕਰਨ ਵਾਲੀ ਬਹਾਦਰ ਕੁਸੁਮ ਨੂੰ ਡੀਸੀ ਵੱਲੋ ਇਕ ਲੱਖ ਰੁਪਏ ਦਾ ਚੈਕ ਭੇਟ

ਜਲੰਧਰ (ਦ ਸਟੈਲਰ ਨਿਈਜ਼): ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਵਲੋਂ ਅੱਜ 15 ਸਾਲਾ ਕੁਸੁਮ ਜਿਸ ਵਲੋਂ 30 ਅਗਸਤ ਨੂੰ ਦੀਨ ਦਿਆਲ ਉਪਾਧਿਆਏ ਨਗਰ ਵਿਖੇ ਦੋ ਮੋਟਰ ਸਾਈਕਲ ਸਵਾਰ ਸਨੈਚਰਾਂ ਵਿਚੋਂ ਇਕ ਵਲੋਂ ਉਸ ਨੂੰ ਗੁੱਟ’ ਤੇ ਗੰਭੀਰ ਜਖ਼ਮੀ ਕਰਨ ਦੇ ਬਾਵਜੂਦ ਇਕ ਲੁਟੇਰੇ ਨੂੰ ਕਾਬੂ ਕਰਨ ਵਿੱਚ ਦਿਖਾਈ ਬੇਮਿਸਾਲ ਬਹਾਦਰੀ ਸਦਕਾ ਇਕ ਲੱਖ ਰੁਪਏ ਦਾ ਚੈਕ ਭੇਟ ਕੀਤਾ ਗਿਆ।  ਕੁਸੁਮ ਦੇ ਹੌਸਲੇ ਅਤੇ ਦ੍ਰਿੜ ਸੰਕਲਪ ਨੂੰ ਸਲਾਮ ਕਰਦਿਆਂ ਡਿਪਟੀ ਕਮਿਸ਼ਨਰ ਵਲੋਂ ਹੋਰਨਾਂ ਲੜਕੀਆਂ ਨੂੰ ਪ੍ਰੇਰਿਤ ਕਰਨ ਵਾਸਤੇ ‘ਬੇਟੀ ਬਚਾਓ, ਬੇਟੀ ਪੜਾਓ’ ਪ੍ਰੋਗਰਾਮ ਤਹਿਤ ਬ੍ਰਾਂਚ ਅੰਬੈਸਡਰ ਵਜੋਂ ਉਸ ਦੇ ਨਾਮ ਦਾ ਮੈਸਕੋਟ ਵੀ ਜਾਰੀ ਕੀਤਾ ਗਿਆ।
ਕੁਸੁਮ ਜੋ ਕਿ ਪੂਰੇ ਉਤਸ਼ਾਹ ਵਿੱਚ ਸੀ, ਡਿਪਟੀ ਕਮਿਸ਼ਨਰ ਦਫ਼ਤਰ ਆਪਣੇ ਪਿਤਾ ਸਾਧੂ ਰਾਮ ਅਤੇ ਮਾਤਾ ਰਾਜ ਕੁਮਾਰੀ ਨਾਲ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੁਸੁਮ ਅਤੇ ਉਸ ਦੇ ਪਰਿਵਾਰ ‘ਤੇ  ਜ਼ਿਲੇ ਨੂੰ ਬਹੁਤ ਮਾਣ ਹੈ ਅਤੇ ਇਹ ਤਾਂ ਉਸ ਵਲੋਂ ਦਿਖਾਈ ਗਈ ਬਹਾਦੁਰੀ ਦਾ ਸਨਮਾਨ ਹੈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਕੌਮੀ ਅਤੇ ਸੂਬਾ ਪੱਧਰੀ ਬਹਾਦੁਰੀ ਐਵਾਰਡ ਲਈ ਕੁਸੁਮ ਦੇ ਨਾਮ ਦੀ ਸਿਫਾਰਸ਼ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਫਤਰ ਨੂੰ ਭੇਜੀ ਗਈ ਹੈ।
 
ਸ੍ਰੀ ਥੋਰੀ ਨੇ ਦੱਸਿਆ ਕਿ ਕੁਸੁਮ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇਕਰ ਲੜਕੀਆਂ ਨੂੰ ਅੱਗੇ ਵੱਧਣ ਦੇ ਸਮਾਨ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਉਹ ਹਰ ਕਾਮਯਾਬੀ ਦੀ ਹਰ ਬੁਲੰਦੀ ਨੂੰ ਹਾਸਿਲ ਕਰ ਸਕਦੀਆਂ ਹਨ। ਉਨਾਂ ਦੱਸਿਆ ਕਿ ਕੁਸੁਮ ਦੇ ਮਾਤਾ-ਪਿਤਾ ਨੇ ਉਸ ਨੂੰ ਐਨ.ਸੀ.ਸੀ.ਅਤੇ ਤਾਇਕਵਾਂਡੋ ਲਈ ਪ੍ਰੇਰਿਤ ਕੀਤਾ, ਜਿਸ ਦੇ ਸਿੱਟੇ ਵਜੋਂ ਉਹ ਲੁੱਟ-ਖੋਹ ਦੀ ਘਟਨਾ ਦੌਰਾਨ ਦ੍ਰਿੜ ਹੌਸਲੇ ਨਾਲ ਲੁਟੇਰਿਆਂ ਦਾ ਸਾਹਮਣਾ ਕਰ ਸਕੀ। ਡਿਪਟੀ ਕਮਿਸਨਰ ਵਲੋਂ ਕੁਸੁਮ ਨੂੰ ਪੁਲਿਸ ਅਫ਼ਸਰ ਬਣਨ ਦੇ ਦੇਖੇ ਗਏ ਸੁਪਨੇ ਨੂੰ ਪੂਰਾ ਕਰਨ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਉਨਾਂ ਉਸ ਦੇ ਪਰਿਵਾਰ ਨੂੰ ਕਿਹਾ ਕਿ ਉਹ ਕਿਸੇ ਵੀ ਸਮੇਂ ਕਿਸੇ ਵੀ ਮਦਦ ਲਈ ਉਨਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।
 
ਡਿਪਟੀ ਕਮਿਸ਼ਨਰ ਵਲੋਂ ਇਸ ਮੌਕੇ ‘ਦਾਦੀ ਅਤੇ ਪੋਤੀ ਦੀ ਜੋੜੀ’ ਆਨਲਾਈਨ ਮੁਕਾਬਲੇ ਦੀ ਵੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ 15 ਸਾਲ ਤੱਕ ਦੀਆਂ ਲੜਕੀਆਂ ਭਾਗ ਲੈ ਸਕਦੀਆਂ ਹਨ। ਉਨਾਂ ਕਿਹਾ ਕਿ ਲੜਕੀਆਂ  ‘ਸੈਲਫ਼ੀ ਵਿਦ ਦਾਦੀ’ ਅਤੇ ‘ਦਾਦੀ ਅਤੇ ਪੋਤੀ’ ਦੇ ਰਿਸ਼ਤੇ ਸਬੰਧੀ (30 ਤੋਂ 60 ਸੈਕੰਡ ਦੀ ) ਦੀ ਵੀਡੀਓ ਬਣਾ ਕੇ ਐਂਟਰੀ ਲਈ ਵਟਸਐਪ ਨੰਬਰ 98720-21457 ‘ਤੇ  21 ਸਤੰਬਰ 2020 ਤੱਕ ਭੇਜ ਸਕਦੇ ਹਨ। ਸ੍ਰੀ ਥੋਰੀ ਨੇ ਦੱਸਿਆ ਕਿ ਪਹਿਲੀਆਂ ਤਿੰਨ ਬਿਹਤਰ ਐਂਟਰੀਆਂ ਨੂੰ 10,000 ਰੁਪਏ, 5000 ਰੁਪਏ ਅਤੇ 2100 ਰੁਪਏ ਦਾ ਨਗ਼ਦ ਇਨਾਮ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ 1100 ਰੁਪਏ ਦੇ 10 ਕੰਨਸੋਲੇਸ਼ਨ ਇਨਾਮ ਵੀ ਦਿੱਤੇ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਰਾਹੁਲ ਸਿੰਧੂ, ਸਹਾਇਕ ਕਮਿਸਨਰ ਹਰਪ੍ਰੀਤ ਸਿੰਘ, ਹਰਦੀਪ ਸਿੰਘ, ਜ਼ਿਲੇ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ ਅਤੇ ਹੋਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here