ਰਾਤ ਦੇ ਕਰਫਿਊ ਤੇ ਇਕੱਠ ਦੀ ਗਿਣਤੀ ਦੀ ਪੂਰੀ ਪਾਲਣਾ ਕੀਤੀ ਜਾਵੇ: ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ’ਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ ਅਤੇ ਰਾਤ ਦੇ ਕਰਫਿਊ ਦੇ ਨਾਲ-ਨਾਲ ਵਿਆਹ-ਸ਼ਾਦੀਆਂ ਤੇ ਹੋਰ ਸਮਾਜਿਕ ਇਕੱਠਾਂ ਦੌਰਾਨ ਤੈਅ ਗਿਣਤੀ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਜਾਵੇ ਤਾਂ ਜੋ ਕੋਵਿਡ-19 ਦੇ ਫੈਲਾਅ ਦੀ ਅਸਰਦਾਰ ਰੋਕਥਾਮ ਯਕੀਨੀ ਬਣਾਈ ਜਾ ਸਕੇ।

Advertisements

ਜ਼ਿਲ੍ਹੇ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰਤ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਬੁੱਧਵਾਰ ਦੇਰ ਸ਼ਾਮ ਨੂੰ ਫੇਸਬੁੱਕ ਲਾਈਵ ਦੌਰਾਨ ਦੱਸਿਆ ਕਿ ਜ਼ਿਲ੍ਹੇ ਵਿੱਚ 6 ਹਾਟ ਸਪਾਟ ਅਤੇ ਇਕ ਮਾਈ¬ਕ੍ਰੋ ਕੰਟੇਨਮੈਂਟ ਜ਼ੋਨ ਢੱਲੋਵਾਲ ਬਲਾਕ ਬੁੱਢਾਬੜ ਹੈ ਜਿਥੇ ਕੋਰੋਨਾ ਦੀ ਰੋਕਥਾਮ ਲਈ ਢੁਕਵੇਂ ਇੰਤਜ਼ਾਮ ਅਮਲ ਵਿੱਚ ਲਿਆਂਦੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਸ਼ਹਿਰੀ ਖੇਤਰਾਂ ਵਿੱਚ ਲੱਗਦੇ ਕਰਫਿਊ ਦੀ ਪਾਲਣਾ ਨੂੰ ਇਨ-ਬਿਨ ਯਕੀਨੀ ਬਣਾਇਆ ਜਾਵੇ ਅਤੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੰਦਰੂਨੀ ਸਮਾਗਮਾਂ/ਪ੍ਰੋਗਰਾਮਾਂ ਦੌਰਾਨ ਇਕੱਠ ਦੀ ਗਿਣਤੀ 100 ਤੋਂ ਵੱਧ ਨਾ ਹੋਵੇ ਅਤੇ ਆਊਟਡੋਰ ਸਮਾਗਮਾਂ/ਪ੍ਰੋਗਰਾਮਾਂ ਦੌਰਾਨ ਗਿਣਤੀ 250 ਤੋਂ ਨਾ ਵਧੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਪੂਰੀ ਸਖਤੀ ਨਾਲ ਅਮਲ ਵਿੱਚ ਲਿਆਂਦੀ ਜਾਵੇਗੀ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਉਂਦੇ ਦਿਨਾਂ ’ਚ ਚੈਕਿੰਗ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੋਟਲ, ਮੈਰਿਜ ਪੈਲੇਸ, ਰਿਸੋਰਟ, ਬੈਂਕਟ ਹਾਲ ਆਦਿ ਨੂੰ ਬੰਦ ਕਰਨ ਦਾ ਸਮਾਂ ਰਾਤ 9:30 ਵਜੇ ਨਿਸ਼ਚਿਤ ਕੀਤਾ ਗਿਆ ਹੈ ਜਿਸ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਉਕਤ ਹਦਾਇਤਾਂ 31 ਦਸੰਬਰ ਤੱਕ ਲਾਗੂ ਰਹਿਣਗੀਆਂ।  ਉਨ੍ਹਾਂ ਨੇ ਮੈਰਿਜ ਪੈਲੇਸਾਂ, ਰਿਸੋਰਟ ਮਾਲਕਾਂ ਆਦਿ ਨੂੰ ਹਦਾਇਤ ਕੀਤੀ ਕਿ ਉਹ ਸਮੇਂ ਦੀ ਪਾਬੰਦਗੀ ਨੂੰ ਯਕੀਨੀ ਬਣਾ ਕੇ ਰੱਖਣ।  

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਤਿਆਰ ਵੈਕਸੀਨ ਦੀ ਸੰਭਾਵੀਂ ਆਮਦ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਟੀਕਾਕਰਨ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਜਾ ਚੁੱਕਾ ਹੈ ਅਤੇ ਜਦ ਵੀ ਇਹ ਟੀਕਾ ਜ਼ਿਲ੍ਹ ਵਿੱਚ ਪਹੁੰਚਦਾ ਹੈ ਤਾਂ ਪਹਿਲ ਦੇ ਆਧਾਰ ’ਤੇ ਹੈਲਥ ਵਰਕਰਾਂ ਅਤੇ ਫਰੰਟ ਲਾਈਨ ਵਰਕਰਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 217085 ਸੈਂਪਲ ਲਏ ਗਏ ਸਨ ਜਿਨ੍ਹਾਂ ਵਿੱਚੋਂ 209353 ਸੈਂਪਲ ਨੈਗੇਟਿਵ ਅਤੇ 7406 ਪੋਜੀਟਿਵ ਕੇਸ ਸਨ ਅਤੇ ਜ਼ਿਲ੍ਹੇ ਵਿੱਚ ਬੁੱਧਵਾਰ ਸ਼ਾਮ ਤੱਕ ਐਕਟਿਵ ਮਰੀਜ਼ਾਂ ਦੀ ਗਿਣਤੀ 144 ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 6978 ਮਰੀਜ ਤੰਦਰੁਸਤ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਕਾਣੇ, ਬਾਹਟੀਵਾਲ, ਚੱਕ ਮਹਿਰਾ, ਖੰਨੀ, ਵਾਰਡ ਨੰਬਰ 5 ਹਰਿਆਣਾ, ਹਵੇਲੀ ਬਲਾਕ ਪਾਲਦੀ ਹਾਟ ਸਪਾਟ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ 30 ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 20 ਕੋਵਿਡ ਬੈਡਾਂ ਦਾ ਇੰਤਜਾਮ ਕੀਤਾ ਗਿਆ ਹੈ ਜੋ ਕਿ ਲੋੜ ਪੈਣ ’ਤੇ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ।

ਅਪਨੀਤ ਰਿਆਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਂਦਿਆਂ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ਸਿਰਫ਼ ਜਾਰੀ ਹੁੰਦੀਆਂ ਹਦਾਇਤਾਂ ਜਿਵੇਂ ਕਿ ਮਾਸਕ ਪਹਿਨਣਾ, ਇਕ ਦੂਜੇ ਤੋਂ ਬਣਦੀ ਦੂਰੀ ਬਣਾ ਕੇ ਰੱਖਣ, ਸਮੇਂ-ਸਮੇਂ ਸਿਰ ਹੱਥ ਧੋਣੇ ਆਦਿ ਨੂੰ ਹਰ ਹਾਲ ਆਪਣੀ ਰੋਜ਼ਮਰਾ ਦੀ ਜ਼ਿੰਦਗੀ ’ਚ ਲਾਗੂ ਕੀਤਾ ਜਾਵੇ ਤਾਂ ਜੋ ਇਸ ਦਾ ਹੋਰ ਫੈਲਾਅ ਨਾ ਹੋ ਸਕੇ।

LEAVE A REPLY

Please enter your comment!
Please enter your name here