ਜਲੰਧਰ: ਪਾਣੀ ਕੁਦਰਤ ਦੀ ਅਣਮੋਲ ਦਾਤ, ਇਸ ਦੀ ਦੁਰਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ: ਵਿਧਾਇਕ ਰਜਿੰਦਰ

ਜਲੰਧਰ (ਦ ਸਟੈਲਰ ਨਿਊਜ਼)। ਨਹਿਰੂ ਯੂਵਾ ਕੇਂਦਰ ਜਲੰਧਰ ਵਲੋਂ ਕਲੀਨ ਵਿਲੇਜ, ਗਰੀਨ ਵਿਲੇਜ, ਕੈਚ ਦਿ ਰੇਨ ਦੇ ਤਹਿਤ ਖਾਲਸਾ ਕਾਲਜ ਜਲੰਧਰ ਵਿਖੇ ਸੈਮੀਨਾਰ ਕਰਵਾਇਆ ਜਿਸ , ਜਿਸ ਵਿੱਚ ਵਿਧਾਇਕ ਸ੍ਰੀ ਰਾਜਿੰਦਰ ਬੇਰੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।

Advertisements

ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ੍ਰੀ ਰਾਜਿੰਦਰ ਬੇਰੀ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਦੂਰਵਰਤੋਂ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਹੇਠਾਂ ਜਾ ਰਿਹਾ ਹੈ ਜੋ ਕਿ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਪਾਣੀ ਕੁਦਰਤ ਦੀ ਅਣਮੋਲ ਦਾਤ ਹੈ, ਇਸ ਲਈ ਸਾਨੂੰ ਸਭ ਨੂੰ ਇਸ ਦੀ ਦੁਰਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਸ੍ਰੀ ਬੇਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੂਬੇ ਵਿੱਚ ਪਾਣੀ ਦੀ ਸੰਭਾਲ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡਾ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਦਰਤ ਦੇ ਇਸ ਅਨਮੋਲ ਖ਼ਜਾਨੇ ਨੂੰ ਬਚਾਅ ਕੇ ਰੱਖੀਏ। ਉਨ੍ਹਾਂ ਨਹਿਰੂ ਯੁਵਾ ਕੇਂਦਰ ਵਲੋਂ ਕਲੀਨ ਵਿਲੇਜ, ਗਰੀਨ ਵਿਲੇਜ ਅਤੇ ਮੀਂਹ ਦੇ ਪਾਣੀ ਦੀ ਸੰਭਾਲ ਮੁਹਿੰਮ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਜ਼ਿਲ੍ਹਾ ਵਾਸੀਆਂ ਨੂੰ ਕੁਦਰਤੀ ਸੋਮਿਆਂ ਦੀ ਸੰਭਾਲ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਵੱਖ-ਵੱਖ ਯੂਥ ਕਲੱਬਾਂ ਦੇ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਮਾਨਵਤਾ ਦੀ ਭਲਾਈ ਲਈ ਨੇਕ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।

ਇਸ ਮੌਕੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਨਹਿਰੂ ਯੁਵਾ ਕੇਂਦਰ ਜਲੰਧਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਨਿਤਿਆਨੰਦ ਯਾਦਵ ਨੇ ਕਿਹਾ ਕਿ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਪਿੰਡ, ਇਲਾਕੇ, ਸ਼ਹਿਰ ਨੂੰ ਸਾਫ਼ ਸੁਥੱਰਾ ਰੱਖੇ ਅਤੇ ਨਾਲ ਹੀ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਤਾਂ ਜੋ ਪਾਣੀ ਦੇ ਨਾਲ ਨਾਲ ਸਾਫ਼ ਸੁਥਰੇ ਵਾਤਾਵਰਣ ਨੂੰ ਵੀ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਸਮਾਗਮ ਵਿੱਚ ਹਾਜ਼ਰ ਵੱਖ ਵੱਖ ਮਹਿਮਾਨਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਵਲੋੀ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਸਹੁੰ ਵੀ ਚੁੱਕੀ ਗਈ। ਇਸ ਮੌਕੇ ਯੂਥ ਕਲੱਬਾਂ ਨੂੰ ਖੇਡ ਦਾ ਸਮਾਨ ਵੀ ਤਕਸੀਮ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਗੁਰਪਿੰਦਰ ਸਿੰਘ ਸਮਰਾ, ਨੋਡਲ ਅਫ਼ਸਰ ਸੁਰਜੀਤ ਲਾਲ, ਪ੍ਰੋ. ਸੰਦੀਪ ਅਹੂਜਾ, ਰਿਸ਼ੀਵ ਸਿੰਗਲਾ, ਜਗਦੀਸ਼ ਕੌਰ, ਦਵਿੰਦਰ ਕੌਰ ਆਦਿ ਵੀ ਮੌਜੂਦ ਸਨ।

LEAVE A REPLY

Please enter your comment!
Please enter your name here