18 ਤੋਂ 21 ਸਾਲ ਦੇ ਨੌਜਵਾਨਾਂ ਦੀ ਵੋਟ ਬਨਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ-ਕਮ-ਈ.ਆਰ.ਓ. ਉੜਮੁੜ-41 ਪੀ.ਐਸ. ਢਿਲੋਂ ਨੇ ਅੱਜ ਹਲਕਾ ਉੜਮੁੜ ਦੇ ਸਮੂਹ ਸੁਪਰਵਾਈਜ਼ਰਾਂ, ਸਵੀਪ ਨੋਡਲ ਅਫ਼ਸਰਾਂ ਨਾਲ ਆਨਲਾਈਨ ਮੀਟਿੰਗ ਕਰਦਿਆਂ ਕਿਹਾ ਕਿ ਮੁੱਖ ਚੋਣ ਅਫ਼ਸਰ ਪੰਜਾਬ ਵਲੋਂ 18 ਤੋਂ 21 ਸਾਲ ਦੇ ਨੌਜਵਾਨਾਂ ਦੀ ਰਜਿਸਟਰੇਸ਼ਨ ਲਈ ਚਲਾਈ ਮੁਹਿੰਮ ਤਹਿਤ ਹਰ ਯੋਗ ਉਮੀਦਵਾਰ ਦੀ ਵੋਟ ਬਣਾਈ ਜਾਵੇਗੀ। ਇਸ ਦੇ ਨਾਲ ਹੀ ਵਧੀਆ ਕਾਰਗੁਜ਼ਾਰੀ ਵਾਲੇ ਬੀ.ਐਲ.ਓ./ਸੁਪਰਵਾਈਜ਼ਰ ਦੀ ਹਰ ਮਹੀਨੇ ਚੋਣ ਕਰਕੇ ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਵਿਧਾਨ ਸਭਾ ਚੋਣ ਹਲਕੇ ਦੇ ਸਮੂਹ ਸੁਪਰਵਾਈਜ਼ਰਾਂ ਅਤੇ ਸਵੀਪ ਨੋਡਲ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਪੀ.ਐਸ.ਢਿਲੋਂ ਨੇ ਦੱਸਿਆ ਕਿ ਰਜਿਸਟਰੇਸ਼ਨ ਮੁਹਿੰਮ ਤਹਿਤ ਉਹ ਵਿਅਕਤੀ ਜਿਨ੍ਹਾਂ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਹੋ ਗਈ ਹੈ ਜਾਂ ਇਸ ਤੋਂ ਵੱਧ ਹੈ, ਉਹ ਆਪਣਾ ਦਾਅਵਾ ਆਨਲਾਈਨ ਜਾਂ ਆਫਲਾਈਨ ਫਾਰਮ ਨੰਬਰ 6 ਵਿੱਚ ਭਰ ਕੇ ਵੋਟ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਤਿਆਰ ਕੀਤੇ ਪਲਾਨ ਮੁਤਾਬਕ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਸੁਪਰਵਾਈਜਰਾਂ ਵਲੋਂ ਦੋ ਮੁੱਖ ਥਾਵਾਂ ’ਤੇ ਬੀ.ਐਲ.ਓਜ਼ ਦੀ ਮਦਦ ਨਾਲ ਕੈਂਪ ਲਗਾਏ ਜਾਣਗੇ ਜਿਸ ਦਾ ਪ੍ਰਚਾਰ ਸਬੰਧਤ ਖੇਤਰ ਵਿਚ ਪਹਿਲਾਂ ਹੀ ਕੀਤਾ ਜਾਵੇਗਾ ਤਾਂ ਜੋ ਵੋਟ ਬਨਾਉਣ ਵਾਲੇ ਨੌਜਵਾਨਾਂ ਨੂੰ ਸਮੇਂ ਸਿਰ ਸੂਚਿਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਬੀ.ਡੀ.ਪੀ.ਓ. ਦਫ਼ਤਰਾਂ, ਮਿਊਂਸਪਲ ਕਮੇਟੀ, ਸੁਵਿਧਾ ਕੇਂਦਰਾਂ ਤੋਂ ਇਲਾਵਾ ਫੈਕਟਰੀਆਂ ਵਿੱਚ ਵੀ ਵਿਸ਼ੇਸ਼ ਕੈਂਪ ਲਾਏ ਜਾਣਗੇ ਜਿਸ ਦੀ ਰੂਪਰੇਖਾ ਸਵੀਪ ਨੋਡਲ ਅਫ਼ਸਰਾਂ ਵਲੋਂ ਤਿਆਰ ਕੀਤੀ ਜਾਵੇਗੀ।

Advertisements

ਸਕੱਤਰ ਆਰ.ਟੀ.ਏ.-ਕਮ-ਈ.ਆਰ.ਓ. ਨੇ ਦੱਸਿਆ ਕਿ ‘ਨੋ ਯੂਅਰ ਬੀ.ਐਲ.ਓ.’ ਮੁਹਿੰਮ ਤਹਿਤ ਬੂਥ ਲੈਵਲ ਅਫ਼ਸਰ ਆਪੋ-ਆਪਣੇ ਖੇਤਰਾਂ ਦੀਆਂ ਮੁੱਖ ਥਾਵਾਂ ’ਤੇ ਆਪਣਾ ਨਾਂ ਅਤੇ ਮੋਬਾਇਲ ਨੰਬਰ ਲਿਖਵਾਉਣਗੇ ਅਤੇ ਇਨ੍ਹਾਂ ਵੇਰਵਿਆਂ ਦੀ ਜਾਣਕਾਰੀ ਹਰ ਸ਼ੁਕਰਵਾਰ ਨੂੰ ਸਬੰਧਤ ਖੇਤਰ ਦੇ ਮੰਦਰਾਂ/ਗੁਰਦੁਆਰਿਆਂ ਦੇ ਲਾਊਡ ਸਪੀਕਰਾਂ ਰਾਹੀਂ ਲੋਕਾਂ ਤੱਕ ਪਹੁੰਚਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਦੇ ਵਟਸਐਪ ਗਰੁੱਪਾਂ ’ਚ ਵੀ ਬੀ.ਐਲ.ਓਜ਼ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਜਿਸ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਵੋਟ ਬਨਾਉਣ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬੂਥ ਲੈਵਲ ਅਫ਼ਸਰਾਂ ਦੇ ਨਾਂ ਅਤੇ ਫੋਨ ਨੰਬਰ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦੀਆਂ ਬਾਹਰੀ ਕੰਧਾਂ ’ਤੇ ਵੀ ਲਿਖਵਾਏ ਜਾਣ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਹੈਲਪ ਲਾਈਨ ਨੰਬਰ 1950 ਰਾਹੀਂ ਕੋਈ ਵੀ ਵਿਅਕਤੀ ਲੋੜੀਂਦੀ ਜਾਣਕਾਰੀ ਹਾਸਲ ਕਰ ਸਕਦਾ ਹੈ।

ਹਲਕਾ ਚੱਬੇਵਾਲ-044 ’ਚ ਵੋਟ ਬਨਾਉਣ ਲਈ ਜਾਗਰੂਕਤਾ ਕੈਂਪ:
ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਚੱਬੇਵਾਲ-044 ਅਵਤਾਰ ਸਿੰਘ ਕੰਗ ਵਲੋਂ ਹਲਕੇ ਦੇ ਵੋਟਰਾਂ ਨੂੰ ਵੋਟ ਬਣਾਉਣ ਪ੍ਰਤੀ ਜਾਗਰੂਕ ਕਰਨ ਲਈ ਵੋਟਰ ਜਾਗਰੂਕਤਾ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਖ-ਵੱਖ ਥਾਵਾਂ ’ਤੇ ਵੋਟਰ ਜਾਗਰੂਕਤਾ ਕੈਂਪ ਲਗਾਉਣ ਲਈ ਸਮੂਹ ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਨਾਲ ਆਨਲਾਈਨ ਮੀਟਿੰਗ ਕਰਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਕੈਂਪ ਵਿਚ ਸ਼ਮੂਲੀਅਤ ਕਰਨ ਵਾਲੇ ਨੌਜਵਾਨਾਂ ਦੀਆਂ ਵੋਟਾਂ ਵੀ ਬਣਾਈਆਂ ਗਈਆਂ ਅਤੇ ਵਿਧਾਨ ਸਭਾ ਚੋਣਾਂ 2022 ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਲਈ ਵੀ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here