ਮੁੱਖ ਮੰਤਰੀ ਵੱਲੋਂ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ ਕਰਜ਼ਾ ਰਾਹਤ ਸਕੀਮ ਦੀ ਕੀਤੀ ਸ਼ੁਰੂਆਤ

ਪਠਾਨਕੋਟ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਸਕੀਮ ਦੀ ਸ਼ੁਰੂਆਤ ਕਰਕੇ ਕੀਤੀ ਅਤੇ ਇਸ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਗਰੀਬ ਪੱਖੀ ਸੋਚ ਵੱਲ ਇਕ ਸ਼ਰਧਾਂਜਲੀ ਦੱਸਿਆ। ਜਿਕਰਯੋਗ ਹੈ ਕਿ ਇਸ ਸਮਾਗਮ ਨੂੰ ਦਿਖਾਉਂਣ ਦੇ ਲਈ ਜਿਲ੍ਹਾ ਪਠਾਨਕੋਟ ਵਿੱਚ ਵੀ ਵੱਖ ਵੱਖ ਸਥਾਨਾਂ ਤੇ ਆਨ ਲਾਈਨ ਪ੍ਰੋਗਰਾਮ ਦਿਖਾਇਆ ਗਿਆ। ਜਿਲ੍ਹਾ ਪੱਧਰੀ ਪ੍ਰੋਗਰਾਮ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਕਰਵਾਇਆ ਗਿਆ । ਜਿਸ ਦੀ ਪ੍ਰਧਾਨਗੀ ਸੁਨੀਲ ਕਾਟਲ ਸਹਾਇਕ ਰਜਿਸਟ੍ਰਾਰ ਪਠਾਨਕੋਟ ਅਤੇ ਰੋਹਿਤ ਗਿੱਲ ਸਹਾਇਕ ਰਜਿਸਟ੍ਰਾਰ ਧਾਰ ਕਲ੍ਹਾਂ ਵੱਲੋਂ ਸੰਯੁਕਤ ਤੋਰ ਤੇ ਕੀਤੀ ਗਈ।

Advertisements


ਸਮਾਗਮ ਦੋਰਾਨ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ 520 ਕਰੋੜ ਰੁਪਏ ਦੇ ਕਰਜ਼ੇ 31 ਜੁਲਾਈ, 2017 ਨੂੰ ਉਨਾਂ ਦੇ ਸਹਿਕਾਰੀ ਕਰਜ਼ਿਆਂ ’ਤੇ ਬਣਦੀ ਅਸਲ ਰਕਮ ਅਤੇ 6 ਮਾਰਚ, 2019 ਤੱਕ ਉਪਰੋਕਤ ਰਕਮ ’ਤੇ ਸਾਲਾਨਾ 7 ਫੀਸਦੀ ਆਮ ਵਿਆਜ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਜਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ 5.85 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ 4700 ਕਰੋੜ ਰੁਪਏ ਦੇ ਕਰਜੇ (2 ਲੱਖ ਰੁਪਏ ਪ੍ਰਤੀ ਤੱਕ ਦੇ ਫਸਲੀ ਕਰਜੇ) ਮੁਆਫ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ 15.7 ਲੱਖ ਬੇਜ਼ਮੀਨੇ ਕਿਸਾਨ ਅਤੇ ਖੇਤ ਮਜ਼ਦੂਰ ਸੂਬੇ ਦੇ 32.7 ਲੱਖ ਪੇਂਡੂ ਘਰਾਂ (2011 ਦੀ ਜਨਗਣਨਾ ਮੁਤਾਬਿਕ) ਦਾ 48 ਫੀਸਦੀ ਹਿੱਸਾ ਹਨ। ਉਨਾਂ ਅੱਗੇ ਦੱਸਿਆ ਕਿ ਹੋਰ 9.8 ਲੱਖ ਖੇਤੀਬਾੜੀ ਕਰਦੇ ਪੇਂਡੂ ਪਰਿਵਾਰ ਹਨ (30 ਫੀਸਦੀ) ਅਤੇ ਇਨਾਂ ਦੋਵਾਂ ਨੂੰ ਮਿਲਾ ਕੇ ਖੇਤੀਬਾੜੀ ਕਰਦੇ ਲੋਕਾਂ ਦੀ ਗਿਣਤੀ ਪੇਂਡੂ ਘਰਾਂ ਦੇ 78 ਫੀਸਦੀ ਦੇ ਬਰਾਬਰ ਪੁੱਜਦੀ ਹੈ। ਉਨਾਂ ਅਜਿਹੇ ਲੋਕਾਂ ਨੂੰ ਕੋਵਿਡ ਮਹਾਂਮਾਰੀ, ਜਿਸ ਨੇ ਹੁਣ ਤੱਕ 16,000 ਪੰਜਾਬੀਆਂ ਦੀਆਂ ਜਾਨਾਂ ਲਈਆਂ ਹਨ, ਦੇ ਬਾਵਜੂਦ ਵੀ ਭਰਪੂਰ ਫਸਲ ਪੈਦਾ ਕਰ ਕੇ ਸੂਬੇ ਦੇ ਅਰਥਚਾਰੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਸ਼ਲਾਘਾ ਕੀਤੀ।


ਇਸ ਮੌਕੇ ਮੁੱਖ ਮੰਤਰੀ ਨੇ ਹੋਰ ਕਰਜ਼ਾ ਰਾਹਤ ਸਕੀਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਕਮੁਸ਼ਤ ਨਿਪਟਾਰਾ ਸਕੀਮ-2017 ਸਹਿਕਾਰੀ ਬੈਂਕਾਂ ਦੇ ਕਰਜ਼ਦਾਰਾਂ ਲਈ ਸ਼ੁਰੂ ਕੀਤੀ ਗਈ ਸੀ ਜਿਸ ਨਾਲ 128 ਕਰੋੜ ਰੁਪਏ ਦੇ ਕਰਜ਼ਾਈ 5941 ਵਿਅਕਤੀਆਂ ਨੂੰ ਲਾਭ ਪਹੁੰਚਿਆ ਹੈ। ਇਸ ਤੋਂ ਇਲਾਵਾ ਨਵਾਂ ਕਰਜ਼ਾ ਨਿਪਟਾਰਾ-2020 ਤਹਿਤ ਕੁੱਲ 78.04 ਕਰੋੜ ਰੁਪਏ ਦੇ ਕਰਜ਼ਦਾਰ 3369 ਵਿਅਕਤੀਆਂ ਨੂੰ ਹੁਣ ਤੱਕ ਰਾਹਤ ਦਿੱਤੀ ਗਈ ਹੈ ਅਤੇ ਇਹ 31 ਜਨਵਰੀ, 2022 ਤੱਕ ਜਾਰੀ ਰਹੇਗੀ। ਸਮਾਗਮ ਦੋਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਕੋਵਿਡ ਮਹਾਂਮਾਰੀ ਦੌਰਾਨ ਛੋਟੇ ਵਪਾਰੀਆਂ ਅਤੇ ਸ਼ਹਿਰੀ ਦੁਕਾਨਦਾਰਾਂ ਦੀ ਹਾਲਤ ’ਤੇ ਪ੍ਰਗਟਾਈ ਗਈ ਚਿੰਤਾ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਇਨਾਂ ਲੋਕਾਂ ਦੀ ਭਲਾਈ ਲਈ ਵੀ ਕਦਮ ਚੁੱਕੇ ਜਾਣਗੇ ਅਤੇ ਹੋਰ ਲਾਕਡਾਊਨ ਨਹੀਂ ਲਾਗੂ ਕੀਤਾ ਜਾਵੇਗਾ। ਉਨਾਂ ਇਹ ਉਮੀਦ ਜ਼ਾਹਿਰ ਕੀਤੀ ਕਿ ਸੂਬੇ ਵਿੱਚ ਕੋਵਿਡ ਦੀ ਤੀਜੀ ਲਹਿਰ ਦੀ ਆਮਦ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਸਮਾਗਮ ਦੋਰਾਨ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੀ ਕਰਜ਼ਾ ਰਾਹਤ ਨੂੰ ਰਾਜੀਵ ਗਾਂਧੀ ਦੀ ਸੋਚ ਪੂਰੀ ਕਰਨ ਵੱਲ ਇਕ ਇਤਿਹਾਸਿਕ ਕਦਮ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੂੰ ਵਿਕਾਸਪੁਰਸ਼ ਅਤੇ ਸੂਬੇ ਦੇ ਹੱਕਾਂ ਦਾ ਰਾਖਾ ਕਹਿੰਦੇ ਹੋਏ ਰਾਜਕੁਮਾਰ ਵੇਰਕਾ ਨੇ ਇਹ ਕਿਹਾ ਕਿ ਅੱਜ ਸ਼ੁਰੂ ਕੀਤੀ ਗਈ ਸਕੀਮ ਤਾਂ ‘ਖੁਸ਼ਹਾਲ ਪੰਜਾਬ’ ਵੱਲ ਸਿਰਫ ਪਹਿਲਾ ਕਦਮ ਹੈ।

LEAVE A REPLY

Please enter your comment!
Please enter your name here