1 ਅਕਤੂਬਰ: ਕੌਮੀ ਖੂਨ ਦਾਨ ਦਿਹਾੜਾ: ਖੂਨ ਦਾਨ ਕਰੋ ਤਾਂ ਕਿ ਦੁਨੀਆਂ ਚਲਦੀ ਰਹੇ: ਡਾ. ਬੱਗਾ

ਹੁੁਸ਼ਿਆਰਪੁਰ (ਦ ਸਟੈਲਰ ਨਿਊਜ਼)। 1 ਅਕਤੂਬਰ ਦੇਸ਼ ਭਰ ਵਿਚ ਕੌਮੀਂ ਖੂਨ ਦਾਨ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਖੂਨ ਦਾਨ ਲਹਿਰ ਦੇ ਪਿਤਾਮਾ ਡਾ. ਜੇ.ਜੀ. ਜੌਲੀ ਦਾ ਜਨਮ 1926 ਵਿੱਚ ਹੋਇਆ ਸੀ । ਪੰਜਾਬ ਸਟੇਟ ਬਲੱਡ ਟਰਾਂਸਫਿਓਜਨ ਕੌਂਸਲ ਨੇ ਇਸ ਸਾਲ ਖੂਨਦਾਨ ਦਿਹਾੜੇ ਤੇ “ਖੂਨ ਦਾਨ ਕਰੋ ਤਾਂ ਕਿ ਦੁਨੀਆਂ ਚਲਦੀ ਰਹੇ” ਦਾ ਨਾਅਰਾ ਬੁਲੰਦ ਕੀਤਾ ਹੈ । ਇੰਡੀਅਨ ਸੁਸਾਇਟੀ ਆਫ ਬਲੱਡ ਟਰਾਂਸਫਿਓਜਨ ਅਤੇ ਇਮੋਓਨੋਹੈਮੇਟੋਲੋਜੀ (ਆਈ.ਐਸ.ਬੀ.ਟੀ.ਆਈ) ਪੰਜਾਬ ਚੈਪਟਰ ਦੇ ਪੈਟਰਨ ਡਾ. ਅਜੇ ਬੱਗਾ ਨੇ ਜਾਰੀ ਬਿਆਨ ਵਿਚ ਆਖਿਆ ਕਿ 18 ਸਾਲ ਤੋਂ 65 ਸਾਲ ਤੱਕ ਦੇ ਹਰ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿਖੜਵਾ ਹਿੱਸਾ ਬਨਾਉਣਾ ਚਾਹੀਦਾ ਹੈ ਤਾਂ ਜੋ ਖੂਨ ਦੀ ਘਾਟ ਸਦਕਾ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜਗਜਮਗਾਏ ਰੱਖਣ ਵਿਚ ਮੱਦਦ ਮਿਲ ਸਕੇ। ਉਹਨਾਂ ਦੱਸਿਆ ਕਿ ਇਸ ਸਾਲ 1 ਅਕਤੂਬਰ ਤੋਂ 14 ਦਿਨ ਲਗਾਤਾਰ ਪੰਜਾਬ ਵਿਚ ਖੂਨਦਾਨ ਲਹਿਰ ਨੂੰ ਲੋਕ ਲਹਿਰ ਬਨਾਉਣ ਵਾਸਤੇ ਸੈਮੀਨਾਰ, ਖੂਨਦਾਨ ਕੈਂਪ ਅਤੇ ਬਲੱਡ ਗਰੁੱਪਿੰਗ ਕੈਂਪ ਵੱਖ—ਵੱਖ ਬਲੱਡ ਸੈਂਟਰਾਂ ਵਲੋਂ ਲਗਾਏ ਜਾਣਗੇ ।

Advertisements

ਅੱਜਕੱਲ ਜਿਲ੍ਹੇ ਵਿਚ ਡੇਂਗੂੰ ਦਾ ਪ੍ਰਕੋਪ ਚੱਲਣ ਕਾਰਨ ਕਈ ਵਾਰ ਮਰੀਜ਼ਾਂ ਨੂੰ ਪਲੇਟਲੈਟਸ ਦਾ ਇੰਤਜਾਮ ਕਰਨ ਵਿੱਚ ਦਿੱਕਤ ਆਉਂਦੀ ਹੈ । ਅਗਿਆਨਤਾ ਸਦਕਾ ਕਈ ਵਾਰ ਪਲੇਟਲੈਟਸ ਦਾ ਦਾਨ ਕਰਨ ਲਈ ਰਿਸ਼ਤੇਦਾਰ ਜਾਂ ਦੋਸਤ ਹਿਚਕਿਚਾਉਂਦੇ ਹਨ । ਡਾ. ਬੱਗਾ ਨੇ ਕਿਹਾ ਕਿ ਲੋਕਾਂ ਨੂੰ ਸਵੈ—ਸੇਵੀ ਜਥੇਬੰਦੀਆਂ ਵਲੋਂ ਪਲੇਟਲੈਟ ਦਾਨ ਕਰਨ ਬਾਰੇ ਉਲੀਕੀ ਗਈ ਜਾਗਰੂਕਤਾ ਲਹਿਰ ਵਿਚ ਸਹਿਯੋਗ ਦੇਣਾ ਚਾਹੀਦਾ ਹੈ । ਉਹਨਾਂ ਕਿਹਾ ਸਿਹਤਮੰਦ ਵਿਅਕਤੀ 72 ਘੰਟਿਆਂ ਬਾਅਦ ਪਲੇਟਲੈਟਸ ਦਾ ਦਾਨ ਕਰ ਸਕਦਾ ਹੈ, ਪਰ ਉਸਦੇ ਆਪਣੇ ਖੂਨ ਵਿਚ ਪਲੇਟਲੈਟਸ ਦੀ ਗਿਣਤੀ 200000 ਪਰ ਮਾਈਕਰੋਲੀਟਰ ਤੋਂ ਵੱਧ ਹੋਣੀ ਚਾਹੀਦੀ ਹੈ ।

ਡਾ. ਬੱਗਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੇ ਕਿਸੇ ਪਿਆਰੇ ਦੇ ਖੂਨ ਵਿੱਚ ਡੇਂਗੂੰ ਆਦਿ ਬਿਮਾਰੀ ਦੌਰਾਨ ਪਲੇਟਲੈਟਸ ਦੀ ਗਿਣਤੀ ਘੱਟ ਜਾਵੇ ਤਾਂ ਘਬਰਾਉਣ ਦੀ ਲੋੜ ਨਹੀਂ ਹੈ । ਪਲੇਟਲੈਟਸ ਉਸ ਵਕਤ ਦੇਣ ਦੀ ਜਰੂਰਤ ਪੈਂਦੀ ਹੈ ਜੇ ਪਲੇਟਲੈਟਸ ਦੀ ਗਿਣਤੀ 15000—20000 ਤੋਂ ਥੱਲੇ ਆ ਜਾਵੇ। ਅਜਿਹਾ ਹੋਣ ਤੇ ਆਪਣੇ ਨਜਦੀਕੀ ਸਿਹਤ ਕੇਂਦਰ ਤੇ ਸੰਪਰਕ ਕਰੋ ।

LEAVE A REPLY

Please enter your comment!
Please enter your name here