ਏ.ਡੀ.ਸੀ. ਗੁਰਪ੍ਰੀਤ ਥਿੰਦ ਵੱਲੋਂ ਪਾਤੜਾਂ ਇਲਾਕੇ ‘ਚ ਖੇਤਾਂ ‘ਚ ਖੜ੍ਹੇ ਪਾਣੀ ਦਾ ਜਾਇਜ਼ਾ

ਪਾਤੜਾਂ (ਦ ਸਟੈਲਰ ਨਿਊਜ਼): ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਪਾਤੜਾਂ ਇਲਾਕੇ ‘ਚ ਖੇਤਾਂ ‘ਚ ਭਰੇ ਮੀਂਹ ਦੇ ਪਾਣੀ ਦਾ ਜਾਇਜ਼ਾ ਲੈਣ ਲਈ ਕਈ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਮੁੱਖ ਖੇਤੀਬਾੜੀ ਅਫ਼ਸਰ ਹਰਿੰਦਰ ਸਿੰਘ ਵੀ ਮੌਜੂਦ ਸਨ। ਏ.ਡੀ.ਸੀ. ਥਿੰਦ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀਆਂ ਹਦਾਇਤਾਂ ‘ਤੇ ਉਨ੍ਹਾਂ ਨੇ ਬਰਸਾਤ ਕਰਕੇ ਪਾਤੜਾਂ ਇਲਾਕੇ ਦੇ ਖੇਤਾਂ ‘ਚ ਭਰੇ ਪਾਣੀ ਦੀ ਹੋ ਰਹੀ ਨਿਕਾਸੀ ਦਾ ਜਾਇਜ਼ਾ ਲਿਆ ਹੈ।
ਏ.ਡੀ.ਸੀ. ਨੇ ਜੋਗੇਵਾਲ ਵਿਖੇ ਖੇਤਾਂ ‘ਚ ਭਰੇ ਪਾਣੀ ਦਾ ਜਾਇਜ਼ਾ ਲੈਂਦਿਆਂ ਇਲਾਕੇ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਮੰਗ ਕੀਤੀ ਕਿ ਇਸ ਇਲਾਕੇ ‘ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਡਰੇਨ ਬਣਾਈ ਜਾਵੇ ਤਾਂ ਕਿ ਖੇਤਾਂ ‘ਚ ਇਕੱਠਾ ਹੋਇਆ ਪਾਣੀ ਇਸ ਡਰੇਨ ਰਾਹੀਂ ਘੱਗਰ ‘ਚ ਪਾਇਆ ਜਾ ਸਕੇ। ਇਸ ‘ਤੇ ਏ.ਡੀ.ਸੀ. ਨੇ ਕਿਹਾ ਕਿ ਇਸ ਸਬੰਧੀ ਰਿਪੋਰਟ ਤਿਆਰ ਕਰਵਾਈ ਜਾਵੇਗੀ। ਇਸ ਤੋਂ ਬਾਅਦ ਗੁਰਪ੍ਰੀਤ ਸਿੰਘ ਥਿੰਦ ਨੇ ਗੁਲਾਹੜ ਤੇ ਨੂਰਪੁਰਾ ਸੜਕ ਦਾ ਨਿਰੀਖਣ ਕੀਤਾ, ਜਿਸ ਬਾਰੇ ਇਹ ਰਿਪੋਰਟ ਮਿਲੀ ਸੀ ਕਿ ਇਹ ਸੜਕ ਟੁੱਟ ਗਈ ਹੈ, ਬਾਰੇ ਏ.ਡੀ.ਸੀ. ਨੇ ਕਿਹਾ ਕਿ ਇਸ ਸੜਕ ਦੇ ਉਪਰੋਂ ਕਈ ਥਾਵਾਂ ‘ਤੇ ਪਾਣੀ ਦੀ ਨਿਕਾਸੀ ਹੋ ਰਹੀ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਹਰਿਆਊ ਤੋਂ ਪਾਤੜਾਂ ਸੜਕ ਦਾ ਵੀ ਜਾਇਜ਼ਾ ਲਿਆ, ਇਸ ਉਪਰੋਂ ਵੀ ਕੁਝ ਥਾਵਾਂ ‘ਤੇ ਪਾਣੀ ਦੀ ਨਿਕਾਸੀ ਹੋ ਰਹੀ ਸੀ।
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਮੁਤਾਬਕ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਪੂਰਾ ਮੁਸ਼ਤੈਦ ਹੈ ਅਤੇ ਕਿਸੇ ਵੀ ਤਰ੍ਹਾਂ ਦੇ ਹੜ੍ਹਾਂ ਵਰਗੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਤਿਆਰੀਆਂ ਮੁਕੰਮਲ ਹਨ। ਏ.ਡੀ.ਸੀ. ਥਿੰਦ ਨੇ ਕਿਹਾ ਕਿ ਪਾਣੀ ਆਉਣ ਦੀ ਸੂਰਤ ‘ਚ ਬਚਾਅ ਕਾਰਜਾਂ ਲਈ ਜੇ.ਸੀ.ਬੀ. ਮਸ਼ੀਨਾਂ, ਲੋੜੀਂਦੀਆਂ ਕਿਸ਼ਤੀਆਂ, ਸਕੂਲੀ ਇਮਾਰਤਾਂ ਦੇ ਪ੍ਰਬੰਧਾਂ ਸਮੇਤ ਬਚਾਅ ਪ੍ਰਬੰਧਾਂ ਦੀ ਪੂਰੀ ਯੋਜਨਾ ਤਿਆਰ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ‘ਚ ਠੀਕਰੀ ਪਹਿਰੇ ਲਗਾਏ ਜਾ ਰਹੇ ਹਨ ਅਤੇ ਡਰੇਨੇਜ ਵਿਭਾਗ ਸਮੇਤ ਸਾਰੇ ਸਬੰਧਤ ਵਿਭਾਗ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਬਿਨ੍ਹਾਂ ਘੱਗਰ ਦਰਿਆ ਦੇ ਵਹਾਅ ਅਤੇ ਪਾਣੀ ਦੇ ਪੱਧਰ ‘ਤੇ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ।

Advertisements

LEAVE A REPLY

Please enter your comment!
Please enter your name here