ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਕਮਿਸ਼ਨਰ ਨਗਰ ਨਿਗਮ ਨਾਲ ਗਊਵੰਸ਼ ਦੇ ਸਿਲਸਿਲੇ ’ਚ ਅਹਿਮ ਮੀਟਿੰਗ

ਪਟਿਆਲਾ (ਦ ਸਟੈਲਰ ਨਿਊਜ਼): ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਗਊਵੰਸ਼ ਦੇ ਸਿਲਸਿਲੇ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉੱਪਲ ਨਾਲ ਇੱਕ ਮੀਟਿੰਗ ਕਰਕੇ ਗਊਆਂ ਖਾਸ ਕਰਕੇ ਸੜਕਾਂ ‘ਤੇ ਘੁੰਮ ਰਹੀਆਂ ਗਊਆਂ ਨੂੰ ਜਲਦੀ ਤੋਂ ਜਲਦੀ ਸੜਕਾਂ ਤੋਂ ਹਟਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸੜਕਾਂ ਉਪਰ ਘੁੰਮਦੇ ਬੇਸਹਾਰਾ ਗਊਧੰਨ ਨੂੰ ਸੁਰੱਖਿਅਤ ਗਊਸ਼ਾਲਾਵਾਂ ਵਿੱਚ ਲੈ ਜਾਣ ਦੀ ਗੱਲ ਕਰਦਿਆਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਗਊਆਂ ਦੀ ਭਲਾਈ, ਸੰਭਾਲ, ਬੇਰਹਿਮੀ ਨਾਲ ਹੱਤਿਆ ਅਤੇ ਤਸਕਰੀ ਰੋਕਣ ਦੇ ਕੰਮਾਂ ਦੇ ਨਾਲ-ਨਾਲ ਮੌਸਮ ਅਨੁਸਾਰ ਬਿਹਤਰ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

Advertisements


ਚੇਅਰਮੈਨ ਨੇ ਕਿਹਾ ਕਿ ਸੜਕ ਹਾਦਸਿਆਂ ਦਾ ਕਾਰਨ ਬਣਦੇ ਗਊਵੰਸ਼ ਨੂੰ ਗਊਸ਼ਾਲਾਵਾਂ ਵਿਖੇ ਪਹੁੰਚਾਉਣਾ ਲਾਜਮੀ ਹੈ, ਕਿਉਂਕਿ ਇਨ੍ਹਾਂ ਦੇ ਸੜਕਾਂ ਉਪਰ ਹੋਣ ਕਰਕੇ ਅਚਾਨਕ ਹਾਦਸੇ ਵਾਪਰਦੇ ਹਨ,ਜਿਸ  ਨਾਲ ਜਾਨ-ਮਾਲ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਨਾਲ ਹੀ ਗਾਵਾਂ ਦਾ ਵੀ ਨੁਕਸਾਨ ਹੁੰਦਾ ਹੈ ਅਤੇ ਉਹ ਜ਼ਖਮੀ ਹੋ ਜਾਂਦੀਆਂ ਹਨ ਜਾਂ ਮਰ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਗੰਭੀਰ ਸਮੱਸਿਆ ਹੈ ਜਿਸ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਲੋੜ ਹੈ। ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਦੱਸਿਆ ਕਿ ਉਨ੍ਹਾਂ ਨੇ ਕਮਿਸ਼ਨਰ ਨੂੰ ਕਿਹਾ ਹੈ ਕਿ ਗਾਵਾਂ ਦੀ ਟੈਗਿੰਗ ਵੀ ਕਰਵਾਈ ਜਾਵੇ ਤਾਂ ਜੋ ਟੈਗਿੰਗ ਵਾਲੀਆਂ ਗਊਆਂ ਸੜਕਾਂ ‘ਤੇ ਆਉਣ ’ਤੇ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਕਿਸ ਗਊਸ਼ਾਲਾ ਨਾਲ ਸਬੰਧਤ ਹਨ।


ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪਟਿਆਲਾ ਨਾਲ ਸਬੰਧਤ ਗਊਸ਼ਾਲਾਵਾਂ ਦਾ ਵੀ ਦੌਰਾ ਕਰਕੇ ਗਊਆਂ ਦੀ ਸਾਂਭ-ਸੰਭਾਲ, ਹਰਾ ਚਾਰਾ, ਸਾਫ਼ ਪਾਣੀ, ਬਿਜਲੀ ਅਤੇ ਖਾਸ ਕਰਕੇ ਗਊਆਂ ਦੇ ਮੈਡੀਕਲ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ ਗਈ। ਉਨ੍ਹਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਨਾਲ ਨਵੀਆਂ ਗਊਸ਼ਾਲਾਵਾਂ ਖੋਲ੍ਹਣ ਦੀ ਗੱਲ ਵੀ ਕੀਤੀ ਤਾਂ ਜੋ ਸੜਕਾਂ ਤੋਂ ਹਟਾਈਆਂ ਗਊਆਂ ਨੂੰ ਰੱਖਿਆ ਜਾ ਸਕੇ ਅਤੇ ਉਨ੍ਹਾਂ ਦੀ ਬਿਹਤਰ ਢੰਗ ਨਾਲ ਦੇਖਭਾਲ ਕੀਤੀ ਜਾ ਸਕੇ।

LEAVE A REPLY

Please enter your comment!
Please enter your name here