ਸੂਰਾਂ ਦੀ ਬਿਮਾਰੀ ਅਫ਼ਰੀਕਨ ਸਵਾਈਨ ਫੀਵਰ ਦਾ ਸਵਾਈਨ ਫਲੂ ਬਿਮਾਰੀ ਨਾਲ ਕੋਈ ਸਬੰਧ ਨਹੀ, ਲੋਕ ਅਫ਼ਵਾਹਾਂ ਤੋਂ ਬਚਣ: ਡਿਪਟੀ ਕਮਿਸ਼ਨਰ

ਪਟਿਆਲਾ, ( ਦ ਸਟੈਲਰ ਨਿਊਜ਼)। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਸੂਰਾਂ ਦੀ ਬਿਮਾਰੀ ਅਫਰੀਕਨ ਸਵਾਈਨ ਫੀਵਰ ਦਾ ਸਵਾਈਨ ਫਲੂ ਬਿਮਾਰੀ ਨਾਲ ਕੋਈ ਸਬੰਧ ਨਹੀ, ਇਸ ਲਈ ਲੋਕਾਂ ਨੂੰ ਸਲਾਹ ਹੈ ਕਿ ਅਜਿਹੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਬਚਣ, ਜਿਸ ‘ਚ ਅਫ਼ਰੀਕਨ ਸਵਾਈਨ ਫੀਵਰ ਅਤੇ ਸਵਾਈਨ ਫਲੂ ਨੂੰ ਜੋੜਕੇ ਮਨੁੱਖਾਂ ਲਈ ਖ਼ਤਰਾ ਦੱਸਿਆ ਗਿਆ ਹੋਵੇ। ਪਸ਼ੂ ਪਾਲਣ ਵਿਭਾਗ ਦੇ ਹਵਾਲੇ ਨਾਲ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਰਾਂ ਵਿੱਚ ਪਾਈ ਜਾਂਦੀ ਅਫ਼ਰੀਕਨ ਸਵਾਈਨ ਫੀਵਰ ਦੀ ਬਿਮਾਰੀ ਇੱਕ ਛੂਤ ਦੀ ਬਿਮਾਰੀ ਹੈ, ਜੋ ਕਿ ਸੂਰਾਂ ਤੋਂ ਸੂਰਾਂ ਨੂੰ ਪ੍ਰਭਾਵਿਤ ਕਰਦੀ ਹੈ, ਪ੍ਰੰਤੂ ਇਹ ਬਿਮਾਰੀ ਸੂਰਾਂ ਤੋਂ ਮਨੁੱਖਾਂ ਨੂੰ ਨਹੀਂ ਲਗਦੀ। ਇਸ ਕਾਰਨ ਮਨੁੱਖਾਂ ਨੂੰ ਇਸ ਬਿਮਾਰੀ ਤੋਂ ਡਰਨ ਦੀ ਕੋਈ ਲੋੜ ਨਹੀ ਹੈ।

Advertisements

ਸਾਕਸ਼ੀ ਸਾਹਨੀ ਨੇ ਕਿਹਾ ਕਿ ਸੂਰਾਂ ਵਿੱਚ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਵਲੋਂ ਪਸ਼ੂ ਪਾਲਣ ਵਿਭਾਗ ਤੇ ਹੋਰ ਸਬੰਧਤ ਵਿਭਾਗਾਂ ਦੇ ਸਹਿਯੋਗ ਨਾਲ ਹਰ ਕਿਸਮ ਦੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਜ਼ਿਲ੍ਹੇ ਦੇ ਸੂਰ ਪਾਲਕਾਂ ਨੂੰ ਸਲਾਹ ਦਿੰਦਿਆਂ ਉਨ੍ਹਾਂ ਕਿਹਾ ਕਿ ਸੂਰ ਪਾਲਕ ਆਪਣੇ ਸੂਰਾਂ ਨੂੰ ਵਾੜਿਆਂ ਵਿੱਚ ਹੀ ਰੱਖਣ ਅਤੇ ਸੂਰਾਂ ਦੀ ਆਵਾਜਾਈ ਅਤੇ ਖਰੀਦ-ਫਰੋਖ਼ਤ ਮੁਕੰਮਲ ਬੰਦ ਰੱਖਣ ਦੇ ਨਾਲ-ਨਾਲ ਪਸ਼ੂ ਪਾਲਣ ਵਿਭਾਗ ਵਲੋਂ ਜਾਰੀ ਸਾਵਧਾਨੀਆਂ ਨੂੰ ਅਪਨਾਉਣ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸੂਰਾਂ ਵਿੱਚ ਪਾਈ ਜਾਣ ਵਾਲੀ ਬਿਮਾਰੀ ਅਫ਼ਰੀਕਨ ਸਵਾਈਨ ਫੀਵਰ ਦਾ ਸਵਾਈਨ ਫਲੂ ਬਿਮਾਰੀ ਨਾਲ ਸਬੰਧ ਨਹੀ ਹੈ ਕਿਉਂਕਿ ਸਵਾਈਨ ਫਲੂ ਬਿਮਾਰੀ ਇੱਕ ਵੱਖਰੀ ਬਿਮਾਰੀ ਹੈ, ਜਿਸ ਦੇ ਬਾਰੇ ਸਿਹਤ ਵਿਭਾਗ ਵਲੋਂ ਦਿੱਤੀ ਜਾਂਦੀ ਸਲਾਹ ਹੀ ਯੋਗ ਸਲਾਹ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਮੁੜ ਸਲਾਹ ਦਿੱਤੀ ਕਿ ਕਿਸੇ ਵੀ ਕਿਸਮ ਦੇ ਗ਼ਲਤ ਪ੍ਰਚਾਰ ਜਾਂ ਅਫਵਾਹਾਂ ਤੋਂ ਬਚਣ ਅਤੇ ਸਵਾਈਨ ਫਲੂ ਬਾਰੇ ਸਿਹਤ ਵਿਭਾਗ ਵਲੋਂ ਦਿੱਤੀ ਜਾਂਦੀ ਸਲਾਹ ਨੂੰ ਹੀ ਸਹੀ ਸਮਝਣ।

ਉਨ੍ਹਾਂ ਨੇ ਅਫ਼ਰੀਕਨ ਸਵਾਈਨ ਫੀਵਰ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਨਾਲ ਇੱਕ ਬੈਠਕ ਕਰਕੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਅਤੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ‘ਚ ਪਸ਼ੂ ਪਾਲਣ ਵਿਭਾਗ ਸੂਰਾਂ ਦੀ ਬਿਮਾਰੀ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ਲਈ ਹਰ ਯੋਗ ਉਪਰਾਲਾ ਕਰ ਰਿਹਾ ਹੈ।

LEAVE A REPLY

Please enter your comment!
Please enter your name here