
ਅਬੋਹਰ, ਫਾਜਿ਼ਲਕਾ, (ਦ ਸਟੈਲਰ ਨਿਊਜ਼): ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਦੇ ਅਬੋਹਰ ਸਥਿਤ ਖੇਤਰੀ ਖੋਜ਼ ਕੇਂਦਰ ਅਤੇ ਇੱਥੋਂ ਦੀ ਕਿਸਾਨ ਸਲਾਹ ਸੇਵਾ ਵੱਲੋਂ ਇਕ ਕਿਸਾਨ ਸਿਖਲਾਈ ਕੈਂਪ ਪਿੰਡ ਦੀਵਾਨ ਖੇੜਾ ਵਿਚ ਲਗਾਇਆ ਗਿਆ। ਇਸ ਕੈਂਪ ਵਿਚ ਕਿਸਾਨਾਂ ਨੂੰ ਕਣਕ ਦੀ ਫਸਲ ਦੇ ਨਾਲ ਨਾਲ ਨਰਮੇ ਦੀ ਆਉਣ ਵਾਲੀ ਫਸਲ ਸਬੰਧੀ ਅਗੇਤੀ ਤਿਆਰੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਨਾਲ ਦੀ ਨਾਲ ਕਿਨੂੰ ਦੇ ਬਾਗਾਂ ਦੀ ਸਾਂਭ ਸੰਭਾਲ ਸਬੰਧੀ ਵੀ ਜਾਣਕਾਰੀ ਦਿੱਤੀ ਗਈ। ਕੈਂਪ ਵਿਚ ਡਾ: ਜਗਦੀਸ਼ ਅਰੋੜਾ ਜ਼ੋ ਕਿ ਕਿਸਾਨ ਸਲਾਹ ਸੇਵਾ ਤਹਿਤ ਇਸ ਕੈਂਪ ਵਿਚ ਮੁੱਖ ਵਕਤਾ ਵਜੋਂ ਪਹੁੰਚੇ ਸਨ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜ਼ੇਕਰ ਨਰਮੇ ਦੀ ਅਗਲੀ ਫਸਲ ਨੂੰ ਗੁਲਾਬੀ ਸੂੰਡੀ ਅਤੇ ਚਿੱਟੇ ਮੱਛਰ ਤੋਂ ਬਚਾਉਣਾ ਹੈ ਤਾਂ ਸਾਨੂੰ ਹੁਣੇ ਤੋਂ ਉਪਾਅ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਗੁਲਾਬੀ ਸੂੰਡੀ ਦਾ ਲਾਰਵਾ ਸਾਡੇ ਖੇਤਾਂ ਵਿਚ ਪਈਆਂ ਨਰਮੇ ਦੀਆਂ ਛਟੀਆਂ ਵਿਚ ਪਿਆ ਹੈ।

ਇਸ ਲਈ ਇੰਨ੍ਹਾਂ ਛਟਿਆਂ ਨੂੰ ਜਾਂ ਤਾਂ ਬਾਲ ਦਿੱਤਾ ਜਾਵੇ ਜਾਂ ਘੱਟੋ ਘੱਟ ਇੰਨ੍ਹਾਂ ਨਾਲ ਲੱਗੇ ਟੀਂਡਿਆਂ ਅਤੇ ਸਿਕਰੀਆਂ ਨੂੰ ਝਾੜ ਕੇ ਉਨ੍ਹਾਂ ਨੂੰ ਸਾੜ ਦਿੱਤਾ ਜਾਵੇ ਤਾਂ ਅਸੀਂ ਗੁਲਾਬੀ ਸੂੰਡੀ ਦੇ ਜੀਵਨ ਚੱਕਰ ਨੂੰ ਤੋੜ ਸਕਦੇ ਹਾਂ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਚਿੱਟੇ ਮੱਛਰ ਦੇ ਨਰਮੇ ਤੋਂ ਬਿਨ੍ਹਾਂ ਜਿਹੜੇ ਹੋਰ ਨਦੀਨ ਇਸ ਕੀੜੇ ਦੀ ਮੇਜਬਾਨੀ ਕਰਦੇ ਹਨ ਉਨ੍ਹਾਂ ਨਦੀਨਾਂ ਨੂੰ ਆਪਣੇ ਖੇਤਾਂ ਨੇੜਿਓ ਸਫਾਈ ਕਰ ਦਿੱਤੀ ਜਾਵੇ। ਇਸੇ ਤਰਾਂ ਡਾ: ਅਨਿਲ ਸਾਂਗਵਾਲ ਜ਼ੋ ਪੰਜਾਬ ਖੇਤੀਬਾੜੀ ਯੁਨੀਵਰਿਸਿਟੀ ਦੇ ਖੇਤਰੀ ਕੇਂਦਰ ਅਬੋਹਰ ਤੋਂ ਆਏ ਸਨ ਨੇ ਕਿਸਾਨਾਂ ਨੂੰ ਬਾਗਾਂ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ। ਇਸੇ ਖੇਤਰੀ ਖੋਜ਼ ਕੇਂਦਰ ਤੋਂ ਆਏ ਡਾ: ਅਨਿਲ ਕਾਮਰਾ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਸਬੰਧੀ ਜਾਣਕਾਰੀ ਦੇ ਨਾਲ ਨਾਲ ਹੋਰ ਖੇਤੀ ਗਿਆਨ ਕਿਸਾਨਾਂ ਨਾਲ ਸਾਂਝਾ ਕੀਤਾ।











