ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣਾ ਸਮੇਂ ਦੀ ਮੁੱਖ ਲੋੜ: ਮੁੱਖ ਖੇਤੀਬਾੜੀ ਅਫ਼ਸਰ


ਗੁਰਦਾਸਪੁਰ, (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾਣ ਦੇ ਨਾਲ-ਨਾਲ ਜ਼ਮੀਨ ਦੇ ਭੌਤਿਕੀ ਗੁਣਾਂ ਅਤੇ ਉਤਪਾਦਕਤਾ ਵਿੱਚ ਨਿਗਾਰ ਆ ਰਿਹਾ ਹੈ, ਜਿਸ ਦੇ ਚਲਦਿਆਂ ਭੂਮੀਗਤ ਪਾਣੀ ਦੀ ਸੰਭਾਲ ਲਈ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ।ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਸ.ਕ੍ਰਿਪਾਲ ਸਿੰਘ ਢਿਲੋਂ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਿਛਲੇ ਸਾਲਾਂ ਤੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਘੱਟ ਰਿਹਾ ਹੈ ਜਿਸ ਨੂੰ ਬਚਾਉਣ ਦੀ ਲੋੜ ਹੈ। ਉਨਾਂ ਕਿਹਾ ਕਿ ਝੋਨੇ ਦੀ ਫਸਲ ਵਿੱਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਆਲਮੀ ਤਪਸ਼ ਲਈ ਜ਼ਿੰਮੇਵਾਰ ਮੁੱਖ ਗੈਸ ਮੀਥੇਨ ਦਾ ਕਾਫੀ ਹਿੱਸਾ ਝੋਨੇ ਦੇ ਖੇਤਾਂ ਤੋਂ ਵਿਸਰਜਿਤ ਹੁੰਦੀ ਹੈ। ਉਪਰੋਕਤ ਸਮੱਸਿਆਵਾਂ ਅਤੇ ਪਾਣੀ ਦੀ ਹੁੰਦੀ ਇਸ ਦੁਰਵਰਤੋਂ ਨੂੰ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ, ਜੇਕਰ ਝੋਨੇ ਦੀ ਕਾਸ਼ਤ ਬਾਕੀ ਫਸਲਾਂ ਵਾਂਗੂ ਬਿਨਾਂ ਕੱਦੂ ਕੀਤਿਆਂ ਕੀਤੀ ਜਾਵੇ।

Advertisements

ਮੁੱਖ ਖੇਤੀਬਾੜੀ ਅਫਸਰ ਸ.ਢਿਲੋਂ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸਿਫਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਲ 2010 ਵਿੱਚ ਕੀਤੀ ਗਈ ਸੀ। ਪੰਜਾਬ ਦੇ ਕੁਝ ਉੱਦਮੀ ਕਿਸਾਨਾਂ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨਾਲ ਸਫਲ ਨਤੀਜੇ ਹਾਸਲ ਕੀਤੇ ਹਨ। ਇਸ ਸਫਲਤਾ ਨੂੰ ਵੇਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਚਲਾਈ ਮੁਹਿੰਮ ਸਦਕਾ ਇਸ ਤਕਨੀਕ ਨੂੰ ਗੰਭੀਰਤਾ ਨਾਲ ਲੈਂਦਿਆਂ ਹਜ਼ਾਰਾਂ ਹੈਕਟੇਅਰ ਰਕਬੇ ਵਿੱਚ ਇਸ ਤਕਨੀਕ ਨੂੰ ਅਪਨਾਇਆ ਗਿਆ ਹੈ।ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਬਾਰੇ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਹਲਕੇ ਨਾਲ ਸੰਬੰਧਤ ਖੇਤੀਬਾੜੀ ਅਫ਼ਸਰ/ਬਲਾਕ ਖੇਤੀਬਾੜੀ ਅਫ਼ਸਰ/ਖੇਤੀਬਾੜੀ ਵਿਕਾਸ ਅਫ਼ਸਰ, ਕਿ੍ਰਸ਼ੀ ਵਿਗਿਆਨ ਕੇਂਦਰ ਦੇ ਖੇਤੀਬਾੜੀ ਮਾਹਿਰਾਂ ਜਾਂ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰ 1800-180-1551 ਨਾਲ ਸੰਪਰਕ ਕਰ ਸਕਦੇ ਹਨ।    

     

LEAVE A REPLY

Please enter your comment!
Please enter your name here