ਨਸ਼ਿਆਂ ਵਿਰੁੱਧ ਜ਼ਿਲ੍ਹਾ ਪੱਧਰੀ ਮੁਹਿੰਮ ਦਾ ਡਿਪਟੀ ਕਮਿਸ਼ਨਰ ਵੱਲੋਂ ਪਬਲਿਕ ਕਾਲਜ ਸਮਾਣਾ ਤੋਂ ਆਗਾਜ਼

ਸਮਾਣਾ/ਪਟਿਆਲਾ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਰੰਭੀ ਨਸ਼ਿਆਂ ਵਿਰੁੱਧ ਜੰਗ ਨੂੰ ਵਿੱਦਿਅਕ ਸੰਸਥਾਵਾਂ ਵਿੱਚ ਲਿਜਾਣ ਦੀ ਜ਼ਿਲ੍ਹਾ ਪੱਧਰੀ ਮੁਹਿੰਮ ਦਾ ਆਗਾਜ਼ ਅੱਜ ਪਬਲਿਕ ਕਾਲਜ ਸਮਾਣਾ ਤੋਂ ਕੀਤਾ। ਵਿਦਿਆਰਥੀਆਂ ਨਾਲ ਕੀਤੇ ਨਿਵੇਕਲੇ ਦੁਵੱਲੇ ਸੰਵਾਦ ਪ੍ਰੋਗਰਾਮ ਮੌਕੇ ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਵੱਲੋਂ ਨਸ਼ਿਆਂ ਦੀ ਲੱਤ ਦੇ ਸ਼ਿਕਾਰ ਹੋਣ ਦੇ ਕਾਰਨ ਵੀ ਵਿਦਿਆਰਥੀਆਂ ਤੋਂ ਹੀ ਜਾਣੇ ਤੇ ਨਸ਼ਿਆਂ ਦੀ ਬੰਦੀ ਤੋਂ ਖਹਿੜਾ ਛੁਡਾ ਕੇ ਆਜ਼ਾਦ ਰਹਿਣ ਦਾ ਸੱਦਾ ਦਿੱਤਾ।

Advertisements

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਵਿਦਿਆਰਥੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ ਅਤੇ ਉਹ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਇਸ ਮੁਹਿੰਮ ਨੂੰ ਜ਼ਿਲ੍ਹੇ ਅੰਦਰ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਵਿੱਚ ਲਿਜਾਇਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਤੇ ਆਪਣੇ ਕਾਰੋਬਾਰ ਕਰਨ ਦੇ ਅਥਾਹ ਮੌਕੇ ਪ੍ਰਦਾਨ ਕਰ ਰਹੀ ਹੈ ਪਰ ਲੋੜ ਹੈ ਕਿ ਵਿਦਿਆਰਥੀ ਨਸ਼ਿਆਂ ਤੋਂ ਦੂਰ ਰਹਿਕੇ ਆਪਣੇ ਟੀਚੇ ਮਿੱਥਣ ਤੇ ਮਿਹਨਤ ਕਰਨ।ਡਿਪਟੀ ਕਮਿਸ਼ਨਰ ਨੇ ਨਸ਼ਿਆਂ ਦੀ ਲਤ ਦੇ ਸ਼ਿਕਾਰ ਹੋਏ ਦੂਸਰੇ ਵਿਅਕਤੀਆਂ ਦੀ ਮਦਦ ਕਰਨ ਲਈ ਵਿਦਿਆਰਥੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੰਦਿਆਂ ਪਟਿਆਲਾ ਵਿਖੇ ਸਾਕੇਤ ਨਸ਼ਾ ਮੁਕਤੀ ਕੇਂਦਰ ਵਿਖੇ ਸ਼ੁਰੂ ਕੀਤੀ ਗਈ ਸਹਿਯੋਗੀ ਹੈਲਪਲਾਈਨ 0175-2213385 ਦਾ ਲਾਭ ਲੈਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜ ਵਿੱਚੋਂ ਇੱਕ ਸਾਲ ਦੇ ਅੰਦਰ-ਅੰਦਰ ਨਸ਼ਿਆਂ ਦੀ ਜੜ੍ਹ ਪੁੱਟਣ ਦੇ ਕੀਤੇ ਐਲਾਨ ਨੂੰ ਪੂਰਾ ਕਰਨ ਲਈ ਵਿਦਿਆਰਥੀਆਂ ਦਾ ਸਹਿਯੋਗ ਲੈਕੇ ਹੀ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ।

ਦੁਵੱਲੇ ਸੰਵਾਦ ਪ੍ਰੋਗਰਾਮ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਖ਼ੁਦ ਦੂਰ ਰਹਿਣ ਤੇ ਦੂਸਰਿਆਂ ਨੂੰ ਜਾਗਰੂਕ ਕਰਨ ਦਾ ਪ੍ਰਣ ਵੀ ਕਰਵਾਇਆ ਅਤੇ ਕਿਹਾ ਕਿ ਨੌਜਵਾਨ ਵਲੰਟੀਅਰ ਬਣਕੇ ਆਪਣੇ ਸਮਾਜ ਨੂੰ ਨਸ਼ਿਆਂ ਦੀ ਬੁਰਾਈ ਤੋਂ ਬਚਾਉਣ ਲਈ ਅੱਗੇ ਆਉਣ। ਇਸ ਦੌਰਾਨ ਰੈਡ ਆਰਟਸ ਪੰਜਾਬ ਥੀਏਟਰ ਗਰੁੱਪ ਨੇ ਨੁਕੜ ਨਾਟਕ ਕਰਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਲਤ ਲਗਾਉਣ ਵਾਲੀ ਮਾੜੀ ਸੰਗਤ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਇਸ ਦੌਰਾਨ ਐਸ.ਡੀ.ਐਮ. ਚਰਨਜੀਤ ਸਿੰਘ, ਡੀ.ਐਸ.ਪੀ. ਨੇਹਾ ਅਗਰਵਾਲ, ਕਾਲਜ ਪ੍ਰਿੰਸੀਪਲ ਜਤਿੰਦਰ ਦੇਵ, ਸਾਕੇਤ ਨਸ਼ਾ ਮੁਕਤੀ ਕੇਂਦਰ ਦੇ ਪ੍ਰਾਜੈਕਟ ਡਾਇਰੈਕਟਰ ਪਰਮਿੰਦਰ ਕੌਰ ਮਨਚੰਦਾ, ਨਰਸਿੰਗ ਅਫ਼ਸਰ ਪਰਮਿੰਦਰ ਸਿੰਘ ਕਾਲਜ ਅਧਿਆਪਕ ਸਮਸ਼ੇਰ ਸਿੰਘ, ਡਾ. ਪੀ.ਐਸ ਸੰਧੂ, ਗੁਰਦੇਵ ਸਿੰਘ ਟਿਵਾਣਾ ਤੇ ਸਿਵਲ ਸਰਜਨ ਡਾ. ਰਮਿੰਦਰ ਕੌਰ ਨੇ ਵੀ ਨਸ਼ਿਆਂ ਵਿਰੁੱਧ ਆਪਣੇ ਵਿਚਾਰ ਪ੍ਰਗਟਾਏ।

LEAVE A REPLY

Please enter your comment!
Please enter your name here