ਚੰਡੀਗੜ੍ਹ (ਦ ਸਟੈਲਰ ਨਿਊਜ਼)। ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਜਲੰਧਰ ਦੇ ਸ਼੍ਰੀ ਰਾਮ ਚੌਕ ਨੇੜੇ ਕੌਂਸਲਰ ਸ਼ੌਰੀ ਚੱਢਾ ਦੇ ਦਫਤਰ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਨੇ ਕਿਹਾ ਕਿ ਸਾਂਸਦ ਸੰਤੋਖ ਚੌਧਰੀ ਕਾਂਗਰਸ ਵਿੱਚ ਜ਼ਿੰਦਾ ਸਨ ਪਰ ਅੱਜ ਕਰਮਜੀਤ ਕੌਰ ਚੌਧਰੀ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਮਜੀਤ ਕੌਰ ਚੌਧਰੀ ਬਜ਼ੁਰਗ ਹੋ ਗਏ ਹਨ। ਉਨ੍ਹਾਂ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਉਸਾਰੀ ਲਈ ਸ਼ੁਰੂ ਤੋਂ ਹੀ ਸਖ਼ਤ ਮਿਹਨਤ ਕੀਤੀ ਹੈ। ਮੈਂ ਚੌਧਰੀ ਸੰਤੋਖ ਸਿੰਘ, ਚੌਧਰੀ ਜਗਜੀਤ ਸਿੰਘ ਅਤੇ ਗੁਰਬੰਤਾ ਸਿੰਘ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ ਪਰ ਅੱਜ ਪਰਿਵਾਰ ਨੇ ਕਾਂਗਰਸ ਛੱਡਣ ਦਾ ਕੰਮ ਕੀਤਾ ਹੈ, ਇਸ ਨਾਲ ਕਾਂਗਰਸ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਦਾ ਨੁਕਸਾਨ ਜ਼ਰੂਰ ਹੋਵੇਗਾ। ਚੰਨੀ ਨੇ ਕਿਹਾ ਕਿ ਸੰਤੋਖ ਸਿੰਘ ਚੌਧਰੀ ਦੀ ਮੌਤ ਭਾਰਤ ਜੋੜੋ ਯਾਤਰਾ ਦੌਰਾਨ ਨਹੀਂ ਹੋਈ, ਸਗੋਂ ਅੱਜ ਹੋਈ ਜਦੋਂ ਉਨ੍ਹਾਂ ਦੀ ਪਤਨੀ ਭਾਜਪਾ ਵਿਚ ਸ਼ਾਮਲ ਹੋ ਗਏ।
ਅੱਜ ਸੰਤੋਖ ਸਿੰਘ ਚੌਧਰੀ ਕਾਂਗਰਸ ਦੀ ਸੋਚ ਵਿੱਚ ਜ਼ਿੰਦਾ ਸਨ। ਅੱਜ ਮੈਨੂੰ ਬਹੁਤ ਦੁੱਖ ਹੈ ਕਿ ਚੌਧਰੀ ਪਰਿਵਾਰ ਨੇ ਅਜਿਹਾ ਕਦਮ ਚੁੱਕਿਆ ਹੈ। ਚੌਧਰੀ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਕਾਂਗਰਸ ਦੀ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲੌਰ ਦੇ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਦੀ ਤੁਲਨਾ ਦੁਰਯੋਧਨ ਨਾਲ ਕਰਦਿਆਂ ਕਿਹਾ- ਜਿਵੇਂ ਦੁਰਯੋਧਨ ਨੇ ਮਹਾਭਾਰਤ ਕਰਵਾ ਕੇ ਪਰਿਵਾਰ ਨੂੰ ਤਬਾਹ ਕਰ ਦਿੱਤਾ ਸੀ। ਅੱਜ ਬਿਕਰਮ ਨੇ ਉਸੇ ਤਰ੍ਹਾਂ ਆਪਣੇ ਪਰਿਵਾਰ ਨੂੰ ਤਬਾਹ ਕਰ ਦਿਤਾ ਹੈ। ਬ੍ਰਿਕਮ ਦੇ ਕਹਿਣ ਤੇ ਕਾਂਗਰਸ ਛੱਡਣ ਨਾਲ ਚੌਧਰੀ ਪਰਿਵਾਰ ਦਾ ਹੀ ਨੁਕਸਾਨ ਹੋਇਆ ਹੈ, ਨਾ ਕਿ ਕਾਂਗਰਸ ਦਾ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਅੱਜ ਆਪਣਾ ਸਿਆਸੀ ਜੀਵਨ ਖ਼ਤਮ ਕਰ ਦਿੱਤਾ ਹੈ। ਦੱਸ ਦਈਏ ਕਿ ਸਾਬਕਾ ਸੰਸਦ ਮੈਂਬਰ ਮਰਹੂਮ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਕਰਮਜੀਤ ਕੌਰ ਚੌਧਰੀ ਪਾਰਟੀ ਵਲੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਸਨ।