ਚੰਡੀਗੜ੍ਹ (ਦ ਸਟੈਲਰ ਨਿਊਜ਼)। ਲੋਕ ਸਭਾ ਵਿੱਚ ਬਜਟ ਸੈਸ਼ਨ ਵਿੱਚ ਉਸ ਵੇਲੇ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿੱਚ ਬਹਿਸਬਾਜੀ ਸ਼ੁਰੂ ਹੋ ਗਈ। ਮੰਤਰੀ ਬਿੱਟੂ ਨੇ ਕਿਹਾ ਕਿ ਮੇਰੇ ਦਾਦਾ ਬੇਅੰਤ ਸਿੰਘ ਜੀ ਨੇ ਕਾਂਗਰਸ ਲਈ ਨਹੀਂ ਸਗੋਂ ਦੇਸ਼ ਲਈ ਕੁਰਬਾਨੀ ਦਿੱਤੀ ਸੀ ਅਤੇ ਚੰਨੀ ਆਪਣੀ ਜਾਇਦਾਦ ਬਾਰੇ ਦੱਸੇ ਅਤੇ ਇਹ ਗਰੀਬੀ ਦੀ ਗੱਲ ਕਰ ਰਿਹਾ ਹੈ। ਬਿੱਟੂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਜੇਕਰ ਕੋਈ ਸਭ ਤੋਂ ਅਮੀਰ ਆਦਮੀ ਹੈ ਤਾਂ ਉਹ ਚੰਨੀ ਹੈ। ਜੇ ਉਹ ਪੂਰੇ ਪੰਜਾਬ ਦਾ ਸਭ ਤੋਂ ਅਮੀਰ ਅਤੇ ਭ੍ਰਿਸ਼ਟ ਆਦਮੀ ਨਹੀਂ ਹੈ, ਤਾਂ ਮੈਂ ਆਪਣਾ ਨਾਮ ਬਦਲ ਲਵਾਂਗਾ।
ਇਸ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਜੇਕਰ ਕੋਈ ਸਮੱਸਿਆ ਹੈ ਤਾਂ ਸਾਨੂੰ ਦੱਸੋ, ਅਸੀਂ ਇਸ ਤੇ ਚਰਚਾ ਕਰਕੇ ਕਾਰਵਾਈ ਤੋਂ ਹਟਾ ਦੇਵਾਂਗੇ। ਉਨ੍ਹਾਂ ਕਿਹਾ ਕਿ ਜੇਕਰ ਆਸਨ ਬਾਰੇ ਰਿਕਾਰਡ ਤੇ ਕੁਝ ਕਿਹਾ ਗਿਆ ਹੈ ਤਾਂ ਮੈਂ ਜ਼ਰੂਰ ਕਾਰਵਾਈ ਕਰਾਂਗਾ। ਇਸ ਤੋਂ ਪਹਿਲਾਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਦੀ ਤੁਲਨਾ ਈਸਟ ਇੰਡੀਆ ਕੰਪਨੀ ਨਾਲ ਕਰਦਿਆਂ ਆਰੋਪ ਲਗਾਇਆ ਕਿ ਇਹ ਪਹਿਲਾਂ ਸੱਤਾ ਵਿੱਚ ਆਈ ਅਤੇ ਫਿਰ ਸੱਤਾ ਦੇ ਜਰੀਏ ਆਪਣੇ ਨੇੜਲੇ ਉਦਯੋਗਪਤੀਆਂ ਨੂੰ ਸਰਕਾਰੀ ਜਾਇਦਾਦਾਂ ਤੇ ਕਬਜ਼ਾ ਕਰਨ ਦੀ ਖੁੱਲ੍ਹ ਦੇ ਰਹੀ ਹੈ।