Tuesday, October 27, 2026
Home Latest ਜ਼ਿਲ੍ਹੇ ‘ਚ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ ਬਾਗਬਾਨੀ ਨੂੰ ਪ੍ਰਫੂਲਿਤ ਕਰਨ ਲਈ 45 ਲੱਖ ਦਾ ਐਕਸ਼ਨ ਪਲਾਨ ਤਿਆਰ: ਡਾ....

ਜ਼ਿਲ੍ਹੇ ‘ਚ ਕੌਮੀ ਬਾਗਬਾਨੀ ਮਿਸ਼ਨ ਸਕੀਮ ਤਹਿਤ ਬਾਗਬਾਨੀ ਨੂੰ ਪ੍ਰਫੂਲਿਤ ਕਰਨ ਲਈ 45 ਲੱਖ ਦਾ ਐਕਸ਼ਨ ਪਲਾਨ ਤਿਆਰ: ਡਾ. ਪੱਲਵੀ

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਬਾਗਬਾਨੀ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫਸਲੀ ਵਿਭਿੰਨਤਾ ਨੂੰ ਯਕੀਨੀ ਬਣਾਉਣ ਦੀਆਂ ਯੋਜਨਾਵਾਂ ਨੂੰ ਅਮਲੀ ਜਾਮਾ ਪਵਾਉਣ ਲਈ ਬਾਗ਼ਬਾਨੀ ਵਿਭਾਗ ਵੱਲੋਂ ਸੂਬੇ ਦਾ ਦੁੱਗਣਾ ਰਕਬਾ ਬਾਗ਼ਬਾਨੀ ਹੇਠ ਲਿਆਉਣ ਲਈ ਸਾਰੇ ਸੰਭਵ ਯਤਨ ਕੀਤੇ ਜਾ ਰਹੇ ਹਨ।          ਜਿਲਾ ਮਲੇਰਕੋਟਲਾ ਵਿੱਚ ਬਾਗਬਾਨੀ ਵਿਭਾਗ ਵੱਲੋਂ ਫਸਲੀ ਵਿਭਿੰਨਤਾ ਲਿਆਉਣ ਅਤੇ ਬਾਗਵਾਨੀ ਫਸਲਾਂ ਹੇਠ ਰਕਬਾ ਵਧਾਉਣ ਲਈ ਕੌਮੀ ਮਿਸ਼ਨ ਸਕੀਮ ਅਧੀਨ ਕਿਸਾਨਾਂ/ਬਾਗਬਾਨੀ ਨੂੰ ਪ੍ਰਭੂਲਿਤ ਕਰਨ ਲਈ 45 ਲੱਖ ਰੁਪਏ ਦੀ ਐਕਸ਼ਨ ਪਲਾਨ (ਸਾਲ 2024-25) ਤਿਆਰ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦਿੱਤੀ ।  ਉਨ੍ਹਾਂ ਦੱਸਿਆ ਕਿ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਵਿਭਾਗਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਬਾਗਬਾਨਾਂ ਨੂੰ ਸਮੇਂ ਸਮੇਂ ਤੇ ਤਕਨੀਕੀ ਜਾਣਕਾਰੀ ਦੇ ਨਾਲ-ਨਾਲ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਧੀਨ ਵਿੱਤੀ ਸਹਾਇਤਾ ਸਬਸਿਡੀ ਦੇ ਤੌਰ ਤੇ ਮੁਹੱਈਆ ਕਰਵਾਈ ਜਾ ਰਹੀ ਹੈ।

Advertisements

ਡਿਪਟੀ ਡਾਇਰੈਕਟਰ ਬਾਗਵਾਨੀ ਡਾਕਟਰ ਨਿਰਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ ਨਵੇਂ ਬਾਗ ਲਗਾਉਣ, ਹਾਈਬ੍ਰਿਡ ਸਬਜੀਆਂ ਦੀ ਕਾਸ਼ਤ, ਫੁੱਲਾਂ ਦੀ ਕਾਸ਼ਤ, ਖੁੰਬ ਪੈਦਾਵਾਰ ਯੂਨਿਟ ਸਥਾਪਿਤ ਕਰਨ, ਵਰਮੀ ਕੰਮਪੋਸਟ ਬੈੱਡ/ਯੂਨਿਟ, ਸੁਰੱਖਿਅਤ ਖੇਤੀ ਲਈ ਪੋਲੀ ਹਾਊਸ/ਨੈਂਟ ਹਾਊਸ ਯੂਨਿਟ ਸਥਾਪਿਤ ਕਰਨ ਅਤੇ ਇਸ ਯੂਨਿਟ ਅਧੀਨ ਫੁੱਲਾਂ ਅਤੇ ਸਬਜੀਆਂ ਦੀ ਕਾਸ਼ਤ, ਸ਼ਹਿਦ ਮੱਖੀ ਪਾਲਣ, ਬਾਗਾਂ ਲਈ ਛੋਟਾ ਟਰੈਕਟਰ, ਪਾਵਰ ਟਿੱਲਰ, ਬਾਗਾਂ/ਸਬਜੀਆਂ ਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਟਰੈਕਟਰ ਨਾਲ ਚੱਲਣ ਵਾਲੇ ਸਪਰੇ ਪੰਪ, ਨੈਪ ਸੈਕ ਪਾਵਰ ਸਪਰੇ ਪੰਪ, ਆਦਿ ਗਤੀਵਿਧੀਆਂ ਤੇ ਬਾਗਬਾਨੀ ਵਿਭਾਗ ਵੱਲੋਂ 40-50 ਫ਼ੀਸਦ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਫਲਾਂ ਅਤੇ ਸਬਜੀਆਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ (ਪੋਸਟ ਹਾਰਵੈਸਟ ਮਨੈਜਮੈਂਟ) ਅਧੀਨ ਖੇਤ ਵਿੱਚ ਪੈਕ ਹਾਉਸ ਤਿਆਰ ਕਰਨ ਲਈ 50 ਫ਼ੀਸਦ ਦੇ ਹਿਸਾਬ ਨਾਲ 2 ਲੱਖ ਰੁਪਏ ਸਬਸਿਡੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਕੋਲਡ ਸਟੋਰ, ਰਾਈਪਨਿੰਗ ਚੈਂਬਰ, ਕੋਲਡ ਰੂਮ, ਇੰਟੀਗਰੇਟਿਡ ਪੈਕ ਹਾਊਸ, ਰੈਫਰੀਜਰੇਟਿਡ ਵੈਨ, ਪਿਆਜਾਂ ਲਈ ਸਟੋਰੇਜ ਯੂਨਿਟ, ਆਦਿ ਗਤੀਵਿਧੀਆਂ ਤੇ 35 ਫ਼ੀਸਦ ਸਬਸਿਡੀ ਦੀ ਸਹੂਲਤ ਹੈ। ਉਨ੍ਹਾਂ  ਹੋਰ ਦੱਸਿਆ ਕਿ ਬਾਗਾਂ ਅਧੀਨ ਰਕਬਾ ਵਧਾਉਣ ਲਈ ਬਾਗਬਾਨ ਨੂੰ ਤੁਪਕਾ ਸਿੰਚਾਈ ਅਧੀਨ ਨਵੇਂ ਬਾਗ ਲਗਾਉਣ ਤੇ ਦਸ ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਨਸੈਂਟਿਵ ਦਿੱਤਾ ਜਾਂਦਾ ਹੈ।  ਉਨ੍ਹਾਂ ਦੱਸਿਆ ਕਿ ਬਾਗਬਾਨਾਂ ਨੂੰ ਸੁਰੱਖਿਅਤ ਖੇਤੀ ਤਹਿਤ ਪੋਲੀ ਹਾਊਸ ਅਧੀਨ ਹਾਈ ਵੈਲਯੂ ਸਬਜੀਆਂ ਜਾਂ ਫੁੱਲਾਂ ਦੀ ਕਾਸ਼ਤ ਕਰਨ ਲਈ ਪੋਲੀ ਹਾਊਸ ਦੀ ਸ਼ੀਟ ਬਦਲਣ ਲਈ ਵੀ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਤਾਂ ਜੋ ਸੁਰਖਿਅਤ ਖੇਤੀ ਕਰ ਸਕਣ । ਇਸ ਤੋਂ ਇਲਾਵਾ ਫਲਾਂ ਅਤੇ ਸਬਜੀਆਂ ਦੇ ਮੰਡੀਕਰਨ ਲਈ ਵੀ ਬਾਗਬਾਨਾਂ ਨੂੰ ਕਰੇਟਾਂ ਅਤੇ ਗੱਤੇ ਦੇ ਡੱਬਿਆਂ ਤੇ ਵੀ 50 ਫ਼ੀਸਦ ਸਬਸਿਡੀ ਦੇਣ ਦੀ ਨਵੀਂ ਸਕੀਮ ਉਲੀਕੀ ਗਈ ਹੈ। ਫੁੱਲਾਂ ਦੇ ਬੀਜ ਪੈਦਾਵਾਰ ਲਈ ਵਿਭਾਗ ਵੱਲੋਂ ਕਿਸਾਨਾਂ ਨੂੰ 40 ਫ਼ੀਸਦ ਦੇ ਹਿਸਾਬ ਨਾਲ ਪ੍ਰਤੀ ਏਕੜ 14000 ਰੁਪਏ ਸਬਸਿਡੀ ਦੀ ਸਹੂਲਤ ਹੈ। 

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਤਾਂ ਜੋ ਬਾਗਬਾਨੀ ਖੇਤਰ ਨੂੰ ਅੱਗੇ ਲਿਜਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵਲੋਂ ਸਬਸਿਡੀ ਸਿੱਧੀ ਬਾਗਬਾਨਾਂ ਦੇ ਬੈਂਕ ਖਾਤਿਆ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ ਤਾਂ ਜੋ ਪਾਰਦਰਸਤਾ ਬਣੀ ਰਹੇ । ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਸਬੰਧੀ ਵਧੇਰੇ ਜਾਣਕਾਰੀ ਲਈ ਬਲਾਕ ਦੇ ਸਬੰਧਤ ਬਾਗਬਾਨੀ ਵਿਕਾਸ ਅਫਸਰ ਜਾਂ ਜ਼ਿਲ੍ਹਾ ਬਾਗਬਾਨੀ ਦਫਤਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ ।

LEAVE A REPLY

Please enter your comment!
Please enter your name here