
ਹਰਿਆਣਾ (ਦ ਸਟੈਲਰ ਨਿਊਜ਼)। ਪੰਚਕੂਲਾ ਵਿੱਚ ਬੱਚਿਆਂ ਨਾਲ ਭਰੀ ਇੱਕ ਸਕੂਲੀ ਬੱਸ ਖਾਈ ਵਿੱਚ ਪਲਟ ਗਈ। ਹਾਦਸੇ ਵਿੱਚ ਸਕੂਲ ਸਟਾਫ਼ ਤੋਂ ਇਲਾਵਾ ਕਰੀਬ 15 ਬੱਚੇ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਾਦਸਾ ਕਿਵੇਂ ਵਾਪਰਿਆ।

ਪੁਲਿਸ ਦੀ ਮੁਢਲੀ ਜਾਂਚ ਅਨੁਸਾਰ ਪੰਜਾਬ ਦੇ ਮਲੇਰਕੋਟਲਾ ਦੇ ਨਨਕਾਣਾ ਸਾਹਿਬ ਸਕੂਲ ਦੇ ਸਟਾਫ਼ ਮੈਂਬਰ ਉਨ੍ਹਾਂ ਨੂੰ ਪੰਚਕੂਲਾ ਦੀ ਮੋਰਨੀ ਹਿੱਲਜ਼ ‘ਤੇ ਘੁੰਮਣ ਲਈ ਲੈ ਕੇ ਜਾ ਰਹੇ ਸਨ। ਟਿੱਕਰ ਤਾਲ ਰੋਡ ‘ਤੇ ਪਿੰਡ ਥਲ ਨੇੜੇ ਬੱਸ ਅਚਾਨਕ ਪਲਟ ਗਈ। ਘਟਨਾ ਤੋਂ ਬਾਅਦ ਬੱਚਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਆਸ-ਪਾਸ ਦੇ ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਤੁਰੰਤ ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਪੁਲਿਸ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ।











