
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਆਪਣੇ ਹੈਰਾਨ ਕਰਨ ਵਾਲੇ ਹੁਨਰ ਨੂੰ ਦਿਖਾਉਣ ਲਈ ਕਈ ਸ਼ਹਿਰਾਂ ਅਤੇ ਪਿੰਡਾਂ ਤੋਂ ਖਿਡਾਰੀ ਪਹੁੰਚ ਰਹੇ ਹਨ। ਇਸ ਮੌਕੇ ਬਾਜ਼ੀਗਰਾਂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ ਹਨ, ਜਿਸ ਨੂੰ ਵੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਇਸ ਮੌਕੇ ਬਾਜ਼ੀਗਰਾਂ ਵੱਲੋਂ ਵੱਖ-ਵੱਖ ਬਾਜ਼ੀਆਂ ਪਾਈਆਂ ਗਈਆਂ। ਲੰਮੀਆਂ ਛਾਲਾਂ ਮਾਰੀਆਂ ਗਈਆਂ ਅਤੇ ਬਾਹਾਂ ਦੇ ਸਹਾਰੇ ਖੜ੍ਹੇ ਹੋਣ ਦੇ ਕਰਤੱਬ ਵਿਖਾਏ ਗਏ। ਉਨ੍ਹਾਂ ਨੇ ਸਰੀਆ ਮੋੜਨ ਦੇ ਕਰਤੱਬ ਵਿਖਾ ਕੇ ਵੀ ਲੋਕਾਂ ਨੂੰ ਹੈਰਾਨ ਕਰ ਦਿੱਤਾ। ਇਸ ਦੌਰਾਨ ਬਾਜ਼ੀਗਰਾਂ ਨੇ ਕਿਹਾ ਕਿ ਕਈ ਪੀੜ੍ਹੀਆਂ ਤੋਂ ਉਨ੍ਹਾਂ ਦਾ ਇਹ ਕੰਮ ਚੱਲਦਾ ਆ ਰਿਹਾ ਹੈ। ਇਸ ਦੌਰਾਨ ਬਾਜ਼ੀਗਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੀ ਪੀੜ੍ਹੀ ਦਾ ਇਹ ਆਖਰੀ ਗਰੁੱਪ ਹੈ ਜੋ ਕਿ ਬਠਿੰਡਾ ਤੋਂ ਵਿਸ਼ੇਸ਼ ਤੌਰ ਤੇ ਬਾਜ਼ੀ ਪਾਉਣ ਲਈ ਆਇਆ ਹੈ।

ਸਾਡੇ ਬਜ਼ੁਰਗਾਂ ਤੋਂ ਹੁਣ ਤੱਕ ਕਈ ਪੀੜ੍ਹੀਆਂ ਇਸ ਖੇਡ ਨਾਲ ਜੁੜੀਆਂ ਰਹੀਆਂ ਪਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਬਾਜ਼ੀਗਰਾਂ ਨੇ ਦੱਸਿਆ ਕਿ ਸਾਨੂੰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਸ਼ੁਰੂ ਤੋਂ ਹੀ ਬੁਲਾਇਆ ਜਾਂਦਾ ਹੈ। ਇਸ ਵਾਰ ਕੁੱਝ ਨਵੇਂ ਨੌਜਵਾਨ ਵੀ ਇਸ ਖੇਡ ਵਿੱਚ ਸ਼ਾਮਿਲ ਹੋਣ ਆਏ ਹਨ। ਇਸ ਮੌਕੇ ਇੱਕ 17 ਸਾਲ ਦੇ ਨੌਜਵਾਨ ਦੱਸਿਆ ਕਿ ਉਹ ਪਿਛਲੇ ਢਾਈ-ਤਿੰਨ ਸਾਲ ਤੋਂ ਇਸ ਖੇਡ ਨਾਲ ਜੁੜਿਆ ਹੈ ਅਤੇ ਉਹ ਬਾਰਵੀਂ ਜਮਾਤ ਦਾ ਵਿਦਿਆਰਥੀ ਹੈ। ਫਿਲਹਾਲ ਉਹ 2 ਤਿੰਨ ਸਾਲ ਤੋਂ ਬਾਜ਼ੀਆਂ ਪਾ ਰਿਹਾ ਹੈ ਅਤੇ ਕੁਝ ਬਾਜ਼ੀਆਂ ਉਸਨੇ ਸਿਖ ਵੀ ਲਈਆਂ ਹਨ। ਉਹਨਾਂ ਕਿਹਾ ਕਿ ਇਸ ਨਾਲ ਸਰੀਰ ਤੰਦਰੁਸਤ ਅਤੇ ਲਚਕੀਲਾ ਰਹਿੰਦਾ ਹੈ।












