
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ 60 ਸਾਲਾਂ ਐਨਆਰਆਈ ਮਹਿਲਾ ਨੂੰ ਜਿੰਦਾ ਸਾੜ ਦਿੱਤਾ ਗਿਆ। ਅੱਗ ਕਿਵੇਂ ਲੱਗੀ, ਇਸਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਕਿਰਾਏਦਾਰ ਨੂੰ ਹਿਰਾਸਤ ਵਿੱਚ ਲਿਆ ਹੈ। ਮ੍ਰਿਤਕ ਮਹਿਲਾ ਦਾ ਨਾਂ ਨਰਿੰਦਰ ਕੌਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਨਰਿੰਦਰ ਕੌਰ ਅਮਰੀਕਾ ਦੀ ਨਾਗਰਿਕ ਸੀ ਅਤੇ ਲਗਭਗ ਡੇਢ ਸਾਲ ਪਹਿਲਾਂ ਭਾਰਤ ਆਈ ਸੀ। ਉਹ ਹੈਬੋਵਾਲ ਵਿੱਚ ਰਘੁਨਾਥ ਪਾਰਕ ਨੇੜੇ ਆਪਣੇ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸਨੇ ਆਪਣੇ ਘਰ ਦੇ ਹੇਠਾਂ ਇੱਕ ਕਮਰਾ ਕਿਰਾਏ ‘ਤੇ ਦਿੱਤਾ ਹੋਇਆ ਸੀ।

ਐਤਵਾਰ ਨੂੰ ਦੇਰ ਸ਼ਾਮ ਅਚਾਨਕ ਉਸਦੇ ਘਰ ਵਿਚੋਂ ਚੀਕਾਂ-ਚੀਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਆਸ-ਪਾਸ ਦੇ ਲੋਕਾਂ ਨੇ ਜਦੋਂ ਕਮਰੇ ਵਿੱਚ ਅੱਗ ਲੱਗੀ ਦੇਖੀ, ਤਾਂ ਉਨ੍ਹਾਂ ਨੇ ਤੁਰੰਤ ਹੀ ਨਰਿੰਦਰ ਕੌਰ ਨੂੰ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਨਰਿੰਦਰ ਕੌਰ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਦੀ ਮਾਰਚਰੀ ‘ਚ ਪੋਸਟਮਾਰਟਮ ਲਈ ਰਖਵਾਈ ਗਈ ਹੈ। ਥਾਣਾ ਹੈਬੋਵਾਲ ਦੀ ਐਸਐਚਓ ਮਧੂ ਬਾਲਾ ਨੇ ਕਿਹਾ ਕਿ ਨਰਿੰਦਰ ਕੌਰ ਦੀ ਧੀ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।












