
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਸ਼ਹਿਰ ਵਿੱਚ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਆਪਣੀ ਪਤਨੀ ਨੇਹਾ ਰਾਜਪੂਤ ਦੇ ਨਾਲ ਆਪਣੇ ਨਿਵਾਸ ਸਥਾਨ ਤੇ ਸ੍ਰੀ ਦੁਰਗਾ ਅਸ਼ਟਮੀ ਮੌਕੇ ਤੇ ਕੰਜਕ ਪੂਜਨ ਦਾ ਆਯੋਜਨ। ਇਸ ਦੌਰਾਨ ਮਹਾਮਾਈ ਦੇ ਜਾਪ ਦਾ ਗੁਣਗਾਨ ਕੀਤਾ ਅਤੇ ਕੰਜਕਾਂ ਦਾ ਪੂਜਨ ਵਿਧੀ ਪੂਰਵਕ ਕਰਦਿਆਂ ਹੋਇਆਂ,ਕੰਜਕਾਂ ਨੂੰ ਪੂਰੀ,ਛੋਲੇ,ਹਲਵਾ ਪ੍ਰਸ਼ਾਦ ਦੇ ਕੇ ਅਵੀ ਰਾਜਪੂਤ ਤੇ ਨੇਹਾ ਰਾਜਪੂਤ ਵੱਲੋਂ ਹੋਰ ਤੋਹਫੇ ਵੀ ਦਿੱਤੇ ਗਏ।

ਇਸ ਮੌਕੇ ਤੇ ਅਵੀ ਰਾਜਪੂਤ ਨੇ ਦੱਸਿਆ ਕਿ ਨਵਰਾਤਰਿਆਂ ਦੇ ਬਾਅਦ ਅਸ਼ਟਮੀ ਮੌਕੇ ਤੇ ਕੰਜਕ ਪੂਜਨ ਦਾ ਸਨਾਤਨ ਧਰਮ ਵਿੱਚ ਬਹੁਤ ਹੀ ਮਹੱਤਵਪੂਰਨ ਮਹੱਤਤ ਹੈ।ਜਿਨਾਂ ਪਰਿਵਾਰਾਂ ਵੱਲੋਂ ਕੰਜਕ ਪੂਜਨ ਕੀਤਾ ਜਾਂਦਾ ਹੈ, ਉਹਨਾਂ ਦੇ ਘਰਾਂ ਵਿੱਚ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਘਰ ਵਿੱਚ ਖੁਸ਼ੀਆਂ, ਤੰਦਰੁਸਤੀਆਂ,ਆਪਸੀ ਪਿਆਰ ਵੱਧਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਭਾਰਤੀ ਸਮਾਜ ਵਿਚ ਕੰਜਕ ਪੂਜਾ ਦੀ ਪ੍ਰੰਪਰਾ ਬਹੁਤ ਹੀ ਪ੍ਰਾਚੀਨ ਹੈ ਪਰ ਇਕ ਸੱਚ ਇਹ ਵੀ ਹੈ ਕਿ ਭਰੂਣ ਹੱਤਿਆ ਦੀ ਮਾੜੀ ਰੀਤ ਵੀ ਬਹੁਤ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਹੈ,ਜਿਸਦਾ ਮੁੱਖ ਕਾਰਨ ਪੁਰਾਣੇ ਰੂੜੀਵਾਦੀ ਅਤੇ ਅਨਪੜ੍ਹ ਲੋਕਾਂ ਦਾ ਬੇਟੀਆਂ ਨੂੰ ਆਪਣੇ ਸਿਰ ਦਾ ਭਾਰ ਸਮਝਣਾ ਹੈ।ਪਰ ਹੁਣ ਸਮੇਂ-ਸਮੇਂ ਦੀਆਂ ਸਰਕਾਰਾਂ, ਬੁੱਧੀਜੀਵੀ ਲੋਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਜਾਗਰੂਕ ਔਰਤਾਂ ਵਲੋਂ ਇਸ ਬੁਰਾਈ ਨੂੰ ਖਤਮ ਕਰਨ ਦਾ ਜ਼ਿੰਮਾ ਲਿਆ ਗਿਆ ਅਤੇ ਬੇਟੀਆਂ ਦਾ ਮਹੱਤਵ ਅਤੇ ਉਨ੍ਹਾਂ ਨੂੰ ਬਰਾਬਰਤਾ ਦਾ ਅਧਿਕਾਰ ਦੁਆਉਣ ਲਈ ਜੰਗੀ ਪੱਧਰ ਤੇ ਮੁਹਿੰਮ ਚਲਾਈ ਗਈ, ਜਿਸਦਾ ਨਤੀਜਾ ਇਹ ਨਿਕਲਿਆ ਕਿ ਅੱਜ ਦੇ ਸਮੇਂ ਵਿਚ ਲੋਕ ਭਰੂਣ ਹੱਤਿਆ ਖਿਲਾਫ਼ ਜਾਗਰੂਕ ਹੁੰਦੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਕੰਜਕ ਪੂਜਾ ਦੇ ਦਿਨ ਸਭਨਾਂ ਨੂੰ ਇਹ ਸਹੁੰ ਚੁੱਕਣੀ ਚਾਹੀਦੀ ਕਿ ਉਹ ਆਪਣੀਆਂ ਧੀਆ ਨੂੰ ਪੁੱਤਰਾਂ ਵਾਂਗ ਪੜ੍ਹਾਉਣਗੇ,ਉਹ ਉਨ੍ਹਾਂ ਨੂੰ ਬਰਾਬਰਤਾ ਦਾ ਅਧਿਕਾਰ ਦੇ ਕੇ ਜ਼ਿੰਦਗੀ ਵਿਚ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰਦਿਆਂ ਹੋਰਨਾਂ ਨੂੰ ਵੀ ਲੜਕੀਆਂ ਦੇ ਮਹੱਤਵ ਬਾਰੇ ਜਾਗਰੂਕ ਕਰਨਗੇ।ਉਨ੍ਹਾਂ ਕਿਹਾ ਕਿ ਜੋ ਲੋਕ ਪੁੱਤਰ ਦੀ ਇੱਛਾ ਵਿਚ ਇਹ ਸੋਚ ਕੇ ਧੀਆਂ ਨੂੰ ਗਰਭ ਵਿਚ ਹੀ ਮਾਰਨ ਦਾ ਭਰੂਣ ਹੱਤਿਆ ਵਰਗਾ ਪਾਪ ਕਰਦੇ ਹਨ, ਦਾ ਸਮਾਜਿਕ ਤੌਰ ਤੇ ਬਾਈਕਾਟ ਕਰਨਾ ਚਾਹੀਦਾ।












