
ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਪੁਲਿਸ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖਿਲਾਫ ਐਫਆਈਆਰ ਦਰਜ਼ ਕੀਤੀ ਗਈ। ਜਿਸ ਤੋਂ ਬਾਅਦ ਪ੍ਰਤਾਪ ਬਾਜਵਾ ਅੱਜ ਸਾਈਬਰ ਕ੍ਰਾਈਮ ਫੇਜ਼-7 ਵਿਖੇ ਪੇਸ਼ ਹੋਏ ਹਨ। ਜਿਥੇ ਉਨ੍ਹਾਂ ਦੇ ਨਾਲ ਸਮੂਹ ਕਾਂਗਰਸੀ ਵਰਕਰ ਵੀ ਪਹੁੰਚੇ ਹਨ। ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਸਣੇ ਸਮੂਹ ਕਾਂਗਰਸੀ ਸੀਨੀਅਰ ਲੀਡਰ ਵੀ ਮੌਕੇ ‘ਤੇ ਮੌਜੂਦ ਹਨ। ਕਾਂਗਰਸੀ ਵਰਕਰਾਂ ਦਾ ਕਹਿਣਾ ਹੈ ਕਿ ਜਦ ਤੱਕ ਪ੍ਰਤਾਪ ਬਾਜਵਾ ਥਾਣੇ ‘ਚ ਰਹਿਣਗੇ ਅਸੀਂ ਇਸ ਤਰ੍ਹਾਂ ਹੀ ਬਾਹਰ ਬੈਠੇ ਰਹਾਂਗੇ।

ਇਸ ਸਮੇਂ ਬਾਜਵਾ ਤੋਂ ਪੁੱਛਗਿੱਛ ਜਾਰੀ ਹੈ। ਕਾਂਗਰਸੀਆਂ ਨੇ ਨਾਅਰਾ ਲਗਾਇਆ – “ਅਸੀਂ ਡਰੇ ਨਹੀਂ ਸੀ ਅਤੇ ਨਾ ਹੀ ਡਰਾਂਗੇ”। ਇਸ ਮੌਕੇ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੱਚ ਬੋਲਣ ਵਾਲੇ ਉਤੇ ਸਰਕਾਰ ਪਰਚੇ ਦਰਜ ਕਰਵਾ ਦਿੰਦੀ ਹੈ। ਇਸ ਲਈ ਕਾਂਗਰਸ ਉਨ੍ਹਾਂ ਦੇ ਪਰਚਿਆਂ ਤੋਂ ਡਰਨ ਵਾਲੀ ਨਹੀਂ ਹੈ। ਥਾਣੇ ਪਹੁੰਚਣ ਤੋਂ ਪਹਿਲਾਂ ਸਵੇਰੇ 11 ਵਜੇ ਤੋਂ ਕਾਂਗਰਸੀ ਵਰਕਰਾਂ ਵੱਲੋਂ ਚੰਡੀਗੜ੍ਹ ਵਿਖੇ ਧਰਨਾ ਲਾਇਆ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।











